National: ਸਕੂਲਾਂ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਨਹੀਂ: ਇਲਾਹਾਬਾਦ ਹਾਈ ਕੋਰਟ
– ਕੋਰਟ ਨੇ ਨਾਬਾਲਗ ਵਿਦਿਆਰਥਣ ਦੀ ਪਟੀਸ਼ਨ ਕੀਤੀ ਖਾਰਜ
ਚੰਡੀਗੜ੍ਹ, 25 ਅਗਸਤ (ਵਿਸ਼ਵ ਵਾਰਤਾ) – ਇਲਾਹਾਬਾਦ ਹਾਈ ਕੋਰਟ ਨੇ ਸਕੂਲਾਂ ਵਿੱਚ ਨਿਰਧਾਰਤ ਯੂਨੀਫਾਰਮ ਤੋਂ ਇਲਾਵਾ ਹਿਜਾਬ ਪਹਿਨਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਕੂਲਾਂ ਵਿੱਚ ਯੂਨੀਫਾਰਮ ਸਿਰਫ਼ ਪਹਿਰਾਵੇ ਦਾ ਨਿਯਮ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਸਮਾਨਤਾ ਅਤੇ ਧਰਮਨਿਰਪੱਖ ਮਾਹੌਲ ਬਣਾਈ ਰੱਖਣ ਦਾ ਇੱਕ ਸਾਧਨ ਹੈ। ਜਸਟਿਸ ਜੇਜੇ ਮੁਨੀਰ ਅਤੇ ਜਸਟਿਸ ਇੰਦਰਜੀਤ ਸ਼ੁਕਲਾ ਦੀ ਡਿਵੀਜ਼ਨ ਬੈਂਚ ਨੇ ਇੱਕ ਨਾਬਾਲਗ ਵਿਦਿਆਰਥੀ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨ ਵਿੱਚ ਸਕੂਲ ਦੀ ਨਿਰਧਾਰਤ ਡਰੈੱਸ ਕੋਡ ਦੇ ਨਾਲ ਹਿਜਾਬ ਪਹਿਨ ਕੇ ਕਲਾਸ ਵਿੱਚ ਜਾਣ ਦੀ ਇਜਾਜ਼ਤ ਮੰਗੀ ਗਈ ਸੀ।
ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸਕੂਲ ਦੀ ਯੂਨੀਫਾਰਮ ਵਿਦਿਆਰਥੀਆਂ ਵਿਚਕਾਰ ਸਮਾਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ ਅਤੇ ਸੰਸਥਾ ਦੀ ਇੱਕ ਵੱਖਰੀ ਪਛਾਣ ਵੀ ਬਣਾਉਂਦੀ ਹੈ। ਅਦਾਲਤ ਮੁਤਾਬਕ ਯੂਨੀਫਾਰਮ ਵਾਲਾ ਪ੍ਰਬੰਧ ਸਕੂਲ ਵਿੱਚ ਧਾਰਮਿਕ ਪਹਿਚਾਣ ਦੇ ਆਧਾਰ ‘ਤੇ ਵੱਖਰੇਪਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ ਅਤੇ ਸਾਰਿਆਂ ਲਈ ਇੱਕੋ ਜਿਹਾ ਮਾਹੌਲ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ।
ਅਦਾਲਤ ਨੇ ਕਿਹਾ ਕਿ ਜੇਕਰ ਹਰ ਵਿਦਿਆਰਥੀ ਆਪਣੀ ਧਾਰਮਿਕ ਜਾਂ ਵਿਅਕਤੀਗਤ ਪਸੰਦ ਮੁਤਾਬਕ ਨਿਰਧਾਰਤ ਯੂਨੀਫਾਰਮ ਵਿੱਚ ਤਬਦੀਲੀ ਦੀ ਮੰਗ ਕਰਨ ਲੱਗੇ ਤਾਂ ਸਕੂਲ ਵੱਲੋਂ ਅਨੁਸ਼ਾਸਨ ਅਤੇ ਡਰੈੱਸ ਕੋਡ ਲਾਗੂ ਕਰਨ ਦੀ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਸਕੂਲ ਵੱਲੋਂ ਤੈਅ ਕੀਤੇ ਪਹਿਰਾਵੇ ਦੀ ਪਾਲਣਾ ਕਰਨਾ ਜ਼ਰੂਰੀ ਹੈ ਅਤੇ ਵਿਅਕਤੀਗਤ ਤੌਰ ‘ਤੇ ਹਿਜਾਬ ਪਹਿਨਣ ਦੀ ਮੰਗ ਨੂੰ ਯੂਨੀਫਾਰਮ ਦੇ ਨਿਯਮ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਅਦਾਲਤ ਨੇ ਨਾਬਾਲਗ ਵਿਦਿਆਰਥੀ ਦੀ ਹਿਜਾਬ ਪਹਿਨ ਕੇ ਸਕੂਲ ਜਾਣ ਦੀ ਇਜਾਜ਼ਤ ਸਬੰਧੀ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਹੋਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ: https://wishavwarta.in/























