National: ਤਾਮਿਲਨਾਡੂ CM ਵਿਜੇ ਦੇ ਵੱਡੇ ਐਲਾਨ, ਗਰੀਬ ਪਰਿਵਾਰਾਂ ਨੂੰ ਸਾਲ ‘ਚ ਮਿਲਣਗੇ 3 ਮੁਫ਼ਤ LPG ਸਿਲੰਡਰ
ਤਾਮਿਲਨਾਡੂ, 24 ਅਗਸਤ (ਵਿਸ਼ਵ ਵਾਰਤਾ): ਤਾਮਿਲਨਾਡੂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵਿਜੇ ਨੇ ਕਈ ਵੱਡੇ ਐਲਾਨ ਕੀਤੇ ਹਨ। ਸਰਕਾਰ ਵੱਲੋਂ ‘ਅੰਨਪੂਰਣੀ ਸੁਪਰ ਸਿਕਸ’ ਯੋਜਨਾ ਤਹਿਤ 2.5 ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਸਾਲ ਵਿੱਚ 3 ਮੁਫ਼ਤ LPG ਸਿਲੰਡਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਯੋਜਨਾ 2027 ਤੋਂ ਸ਼ੁਰੂ ਹੋਵੇਗੀ। ਸਾਲਾਨਾ 2.5 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ। ਸਰਕਾਰ ਮੁਤਾਬਕ ਕਰੀਬ 1.30 ਕਰੋੜ ਪਰਿਵਾਰ ਇਸ ਯੋਜਨਾ ਦੇ ਦਾਇਰੇ ਵਿੱਚ ਆਉਣਗੇ ਅਤੇ ਇਸ ’ਤੇ ਹਰ ਸਾਲ ਲਗਭਗ 4,000 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਲਾਭਪਾਤਰੀ ਪਹਿਲਾਂ LPG ਸਿਲੰਡਰ ਖਰੀਦਣਗੇ ਅਤੇ ਇਸ ਦੀ ਰਕਮ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
ਮੁੱਖ ਮੰਤਰੀ ਵਿਜੇ ਨੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦਾ ਵੀ ਐਲਾਨ ਕੀਤਾ ਹੈ। ਔਰਤਾਂ ਨੂੰ ਆਮ ਬੱਸਾਂ ਦੇ ਨਾਲ-ਨਾਲ ਐਕਸਪ੍ਰੈੱਸ, LSS ਅਤੇ ਡੀਲਕਸ ਬੱਸਾਂ ਵਿੱਚ ਵੀ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਅੰਤਰ-ਜ਼ਿਲ੍ਹਾ ਬੱਸਾਂ ਵਿੱਚ ਵੀ ‘ਵੇਟ੍ਰੀ ਪਯਾਨਾ ਥਿਟਟਮ’ ਤਹਿਤ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਇਹ ਯੋਜਨਾ 2 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟਰਾਂਸਜੈਂਡਰ ਯਾਤਰੀਆਂ ਨੂੰ ਵੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ।
ਚੇਨਈ ਦੇ ਪਰੰਦੂਰ ਵਿੱਚ ਪ੍ਰਸਤਾਵਿਤ ਨਵੇਂ ਏਅਰਪੋਰਟ ਨੂੰ ਲੈ ਕੇ ਵੀ ਮੁੱਖ ਮੰਤਰੀ ਵਿਜੇ ਨੇ ਸਰਕਾਰ ਦਾ ਰੁਖ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀ ਵਿਕਲਪਿਕ ਜਗ੍ਹਾ ਦੀ ਭਾਲ ਕਰ ਰਹੀ ਹੈ, ਜਿੱਥੇ ਏਅਰਪੋਰਟ ਬਣਨ ਕਾਰਨ ਪਰਿਵਾਰਾਂ ਨੂੰ ਪ੍ਰਭਾਵਿਤ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਪਰੰਦੂਰ ਏਅਰਪੋਰਟ ਦਾ ਵਿਰੋਧ ਕੀਤਾ ਗਿਆ ਹੈ ਅਤੇ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਸਰਕਾਰ ਨੇ ਨਵੇਂ ਏਅਰਪੋਰਟ ਲਈ ਕੁਝ ਵਿਕਲਪਿਕ ਥਾਵਾਂ ਦੀ ਪਛਾਣ ਵੀ ਕੀਤੀ ਹੈ।
ਇਸ ਦੇ ਨਾਲ ਹੀ ਚੇਨਈ ਦੇ ਮੌਜੂਦਾ ਮੀਨਾਮਬੱਕਮ ਏਅਰਪੋਰਟ ’ਤੇ ਨਵਾਂ ਟਰਮੀਨਲ-5 ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਵਿਜੇ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਵਿਕਾਸ ਦੇ ਨਾਮ ’ਤੇ ਉਨ੍ਹਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























