National: ਰਾਹੁਲ ਗਾਂਧੀ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਆਗੂਆਂ ਨਾਲ ਕਰਨਗੇ ਮੁਲਾਕਾਤ
ਨਵੀਂ ਦਿੱਲੀ, 13 ਫਰਵਰੀ 2026 – ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਦੇਸ਼ ਭਰ (National) ਦੀਆਂ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਰਾਹੁਲ ਗਾਂਧੀ ਕਿਸਾਨਾਂ ਅਤੇ ਟਰੇਡ ਯੂਨੀਅਨਾਂ ਨਾਲ ਵਪਾਰ ਸਮਝੌਤੇ ਦੇ ਮੁੱਦੇ ‘ਤੇ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ 12 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਸੀ। ਜਿਸ ਦਾ ਪੂਰੇ ਭਾਰਤ ‘ਚ ਮਿਲਿਆ-ਜੁਲਿਆ ਅਸਰ ਰਿਹਾ।

ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਦੂਜੇ ਦਿਨ ਅੱਜ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਇਸ ਹੜਤਾਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਰ ਦੇ ਲੱਖਾਂ ਮਜ਼ਦੂਰ ਅਤੇ ਕਿਸਾਨ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਸੜਕਾਂ ‘ਤੇ ਹਨ। ਮਜ਼ਦੂਰਾਂ ਨੂੰ ਡਰ ਹੈ ਕਿ ਚਾਰ ਕਿਰਤ ਕੋਡ ਉਨ੍ਹਾਂ ਦੇ ਹੱਕਾਂ ਨੂੰ ਕਮਜ਼ੋਰ ਕਰ ਦੇਣਗੇ।
ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਡਰ ਹੈ ਕਿ ਵਪਾਰ ਸਮਝੌਤਾ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਨੁਕਸਾਨ ਪਹੁੰਚਾਏਗਾ ਅਤੇ ਮਨਰੇਗਾ ਨੂੰ ਕਮਜ਼ੋਰ ਕਰਨ ਜਾਂ ਖਤਮ ਕਰਨ ਨਾਲ ਪਿੰਡਾਂ ਦਾ ਆਖਰੀ ਸਰੋਤ ਵੀ ਖੋਹਿਆ ਜਾ ਸਕਦਾ ਹੈ। ਜਦੋਂ ਕੇਂਦਰ ਵੱਲੋਂ ਉਨ੍ਹਾਂ ਦੇ ਭਵਿੱਖ ਬਾਰੇ ਫੈਸਲੇ ਲਏ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਮੈਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁੱਦਿਆਂ ਅਤੇ ਸੰਘਰਸ਼ਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ।
ਉੱਥੇ ਹੀ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਨੇ ਦੋਸ਼ ਲਗਾਇਆ ਹੈ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਅਮਰੀਕੀ ਕੰਪਨੀਆਂ ਨੂੰ ਫਾਇਦਾ ਦੇਵੇਗਾ ਅਤੇ ਭਾਰਤੀ ਖੇਤੀਬਾੜੀ ਬਾਜ਼ਾਰ ‘ਤੇ ਦਬਾਅ ਪਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਡੇਅਰੀ ਉਤਪਾਦ, ਅਨਾਜ, ਸੋਇਆਬੀਨ ਤੇਲ ਅਤੇ ਪਸ਼ੂਆਂ ਦੀ ਖੁਰਾਕ ਵਰਗੇ ਉਤਪਾਦ ਸਸਤੇ ਭਾਅ ‘ਤੇ ਭਾਰਤ ਵਿੱਚ ਆਉਣਗੇ, ਜਿਸ ਨਾਲ ਭਾਰਤੀ ਕਿਸਾਨ ਮੁਕਾਬਲੇ ਤੋਂ ਬਾਹਰ ਹੋ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























