National: ਕਰਨਾਟਕ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ
– ਸਿੱਧਰਮਈਆ ਦੇ ਅਸਤੀਫ਼ੇ ਤੋਂ ਬਾਅਦ ਡੀਕੇ ਸ਼ਿਵਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣਾ ਤੈਅ
ਕਰਨਾਟਕ, 30 ਮਈ (ਵਿਸ਼ਵ ਵਾਰਤਾ) – ਕਰਨਾਟਕ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਜਿਸ ‘ਚ ਸੂਬੇ ਦੇ ਨਵੇਂ ਮੁੱਖ ਮੰਤਰੀ ਲਈ ਇੱਕ ਲੀਡਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ। ਦੱਸ ਦਈਏ ਕਿ ਸਿੱਧਰਮਈਆ ਦੇ ਅਸਤੀਫ਼ੇ ਤੋਂ ਬਾਅਦ ਡੀਕੇ ਸ਼ਿਵਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣਾ ਲਗਭਗ ਤੈਅ ਹੈ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸ਼ਾਮ 4 ਵਜੇ ਬੰਗਲੁਰੂ ਵਿਧਾਨ ਸਭਾ ਵਿੱਚ ਹੋਵੇਗੀ। ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਅਤੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਅੱਜ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਉਹ 1 ਜੂਨ ਨੂੰ ਨਵੇਂ ਮੰਤਰੀਆਂ ਦੇ ਨਾਲ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਚਰਚਾਵਾਂ ਹਨ ਕਿ ਉਨ੍ਹਾਂ ਦੇ ਨਾਲ ਚਾਰ ਉਪ ਮੁੱਖ ਮੰਤਰੀ ਵੀ ਨਿਯੁਕਤ ਕੀਤੇ ਜਾ ਸਕਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਰਾਜ ਵਿੱਚ ਇੱਕੋ ਸਮੇਂ ਇੰਨੇ ਸਾਰੇ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਜਾਣਗੇ। ਇਸ ਤੋਂ ਪਹਿਲਾਂ, 2019 ਵਿੱਚ, ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਨੇ ਪੰਜ ਉਪ ਮੁੱਖ ਮੰਤਰੀਆਂ ਨਾਲ ਸਹੁੰ ਚੁੱਕੀ ਸੀ।
ਦੱਸ ਦਈਏ ਕਿ ਮੁੱਖ ਮੰਤਰੀ ਸਿੱਧਰਮਈਆ ਨੇ 28 ਮਈ ਨੂੰ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਤੋਂ ਇੱਕ ਦਿਨ ਬਾਅਦ, ਉਹ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ, ਜਿੱਥੇ ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ, ਸਿੱਧਰਮਈਆ ਖੁਦ ਡੀਕੇ ਸ਼ਿਵਕੁਮਾਰ ਦਾ ਨਾਮ ਪ੍ਰਸਤਾਵਿਤ ਕਰ ਸਕਦੇ ਹਨ। ਜੇਕਰ ਡੀਕੇ ਸ਼ਿਵਕੁਮਾਰ ‘ਤੇ ਸਹਿਮਤੀ ਨਹੀਂ ਬਣਦੀ ਹੈ, ਤਾਂ ਹੋਰ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਪਰ ਉਨ੍ਹਾਂ ਦੇ ਨਾਮ ‘ਤੇ ਮੋਹਰ ਲਗਭਗ ਤੈਅ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























