National: ਦਿੱਲੀ ’ਚ CJP ਦਾ ਪ੍ਰਦਰਸ਼ਨ, ਧਰੁਵ ਰਾਠੀ ਸਮੇਤ ਵੱਡੀ ਗਿਣਤੀ ‘ਚ ਲੋਕ ਹਿਰਾਸਤ ’ਚ ਲਏ
– ਜੰਤਰ-ਮੰਤਰ ਤੇ ਕਨਾਟ ਪਲੇਸ ’ਚ ਸਖ਼ਤ ਸੁਰੱਖਿਆ ਪ੍ਰਬੰਧ
– ਪੁਲਿਸ ਨੇ ਸੜਕਾਂ ’ਤੇ ਕਿੱਲਾਂ ਲਗਾਈਆਂ
ਚੰਡੀਗੜ੍ਹ, 10 ਅਕਤੂਬਰ (ਵਿਸ਼ਵ ਵਾਰਤਾ): ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ SIR ਦੀ ਪ੍ਰਕਿਰਿਆ ਰੋਕਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਅਤੇ ਕਨਾਟ ਪਲੇਸ ਇਲਾਕਿਆਂ ਵਿੱਚ ਕਾਕਰੋਚ ਜਨਤਾ ਪਾਰਟੀ (CJP) ਦੇ ਸਮਰਥਕ ਇਕੱਠੇ ਹੋਣ ਲੱਗੇ ਹਨ। ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਰਿਪੋਰਟ ਮੁਤਾਬਕ, ਯੂਟਿਊਬਰ ਧਰੁਵ ਰਾਠੀ ਸਮੇਤ 600 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਵੱਲੋਂ ਜੰਤਰ-ਮੰਤਰ ਅਤੇ ਕਨਾਟ ਪਲੇਸ ਸਮੇਤ ਹੋਰ ਇਲਾਕਿਆਂ ਵਿੱਚੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਜਾ ਰਿਹਾ ਹੈ। ਕੁਝ ਥਾਵਾਂ ’ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਵਰਗੇ ਹਾਲਾਤ ਵੀ ਦੇਖਣ ਨੂੰ ਮਿਲੇ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੁਝ ਸੜਕਾਂ ’ਤੇ ਕਿੱਲਾਂ ਲਗਾਏ ਜਾਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਦੀਪਕੇ ਦੇ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਣ ਦੀ ਖ਼ਬਰ ਹੈ। ਉਨ੍ਹਾਂ ਨੇ ਕਿਹਾ, “ਇਹ ਤਾਕਤ ਨਹੀਂ, ਸਗੋਂ ਡਰ ਦੀ ਨਿਸ਼ਾਨੀ ਹੈ।”
ਪ੍ਰਦਰਸ਼ਨ ਦੇ ਮੱਦੇਨਜ਼ਰ ਇਲਾਕੇ ਵਿੱਚ 38 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ, ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ’ਤੇ ਆਉਣ ਵਾਲੀਆਂ 250 ਮੇਲ ਅਤੇ ਐਕਸਪ੍ਰੈੱਸ ਟਰੇਨਾਂ ਅੱਜ ਰੱਦ ਰਹਿਣਗੀਆਂ। ਇਸ ਤੋਂ ਇਲਾਵਾ, 45 ਮੈਟਰੋ ਸਟੇਸ਼ਨ ਬੰਦ ਕੀਤੇ ਜਾਣ ਅਤੇ 10 ਡਿਟੈਂਸ਼ਨ ਸੈਂਟਰ ਬਣਾਏ ਜਾਣ ਦੀ ਗੱਲ ਕਹੀ ਗਈ ਹੈ।
ਇੰਡੀਆ ਗੇਟ ਦੇ ਆਲੇ-ਦੁਆਲੇ ਚਾਰ ਕਿਲੋਮੀਟਰ ਦੇ ਘੇਰੇ ਵਿੱਚ ਸ਼ੁੱਕਰਵਾਰ ਰਾਤ 10 ਵਜੇ ਤੋਂ ਅੱਜ ਰਾਤ 10 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣ ਦੀ ਜਾਣਕਾਰੀ ਦਿੱਤੀ ਗਈ ਹੈ। ਪ੍ਰਦਰਸ਼ਨ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ’ਤੇ ਲੱਗੀਆਂ ਪਾਬੰਦੀਆਂ ਕਾਰਨ ਦਿੱਲੀ ਦੇ ਇਨ੍ਹਾਂ ਅਹਿਮ ਇਲਾਕਿਆਂ ਵਿੱਚ ਆਮ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























