National: 20ਵਾਂ ਰੋਜ਼ਗਾਰ ਮੇਲਾ ਅੱਜ: PM ਮੋਦੀ 51 ਹਜ਼ਾਰ ਤੋਂ ਵੱਧ ਨਵੇਂ ਸਰਕਾਰੀ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ
ਨਵੀਂ ਦਿੱਲੀ, 19 ਸਤੰਬਰ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19 ਸਤੰਬਰ ਨੂੰ 20ਵੇਂ ਰੋਜ਼ਗਾਰ ਮੇਲੇ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਨਵੇਂ ਨਿਯੁਕਤ ਕਰਮਚਾਰੀਆਂ ਨਾਲ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਦੇਸ਼ ਭਰ ਵਿੱਚ 45 ਥਾਵਾਂ ’ਤੇ ਰੋਜ਼ਗਾਰ ਮੇਲੇ ਕਰਵਾਏ ਜਾਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਸੰਬੋਧਨ ਕਰਨਗੇ।
ਨਵੇਂ ਭਰਤੀ ਹੋਏ ਉਮੀਦਵਾਰ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ। ਇਨ੍ਹਾਂ ਵਿੱਚ ਰੈਵੇਨਿਊ ਵਿਭਾਗ, ਰੇਲ ਮੰਤਰਾਲਾ, ਗ੍ਰਹਿ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ ਅਤੇ ਰੱਖਿਆ ਮੰਤਰਾਲਾ ਆਦਿ ਸ਼ਾਮਲ ਹਨ।
PMO ਮੁਤਾਬਕ ਰੋਜ਼ਗਾਰ ਮੇਲਾ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਉਨ੍ਹਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਰਕਾਰ ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦਾ ਹੈ। 20ਵੇਂ ਰੋਜ਼ਗਾਰ ਮੇਲੇ ਤੋਂ ਬਾਅਦ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਲਗਭਗ 12.75 ਲੱਖ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਹੋਣਗੇ।
ਪਿਛਲੇ ਮਈ ਮਹੀਨੇ ਹੋਏ ਰੋਜ਼ਗਾਰ ਮੇਲੇ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵੇਂ ਨਿਯੁਕਤ ਨੌਜਵਾਨਾਂ ਨੂੰ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਸੌਂਪੇ ਸਨ। ਨਵੇਂ ਨਿਯੁਕਤ ਉਮੀਦਵਾਰਾਂ ਨੂੰ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੁਨੀਆ ਭਾਰਤ ਦੇ ਨੌਜਵਾਨਾਂ ਅਤੇ ਤਕਨਾਲੋਜੀ ਦੀ ਤਰੱਕੀ ਨੂੰ ਲੈ ਕੇ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਾਰਤ ਦੀ ‘ਵਿਕਾਸ ਯਾਤਰਾ’ ਦਾ ਹਿੱਸਾ ਬਣਨਾ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਖ-ਵੱਖ ਦੇਸ਼ਾਂ ਨਾਲ ਸਾਂਝੇਦਾਰੀ ਕਰ ਰਿਹਾ ਹੈ, ਜਿਸ ਦਾ ਇੱਕ ਮੁੱਖ ਉਦੇਸ਼ ਨੌਜਵਾਨਾਂ ਲਈ ਮੌਕੇ, ਰੋਜ਼ਗਾਰ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਤਜਰਬਾ ਮੁਹੱਈਆ ਕਰਵਾਉਣਾ ਹੈ। ਅਕਤੂਬਰ 2023 ਤੋਂ ਸ਼ੁਰੂ ਹੋਏ ਰੋਜ਼ਗਾਰ ਮੇਲਾ ਪ੍ਰੋਗਰਾਮ ਤਹਿਤ ਹੁਣ ਤੱਕ ਲਗਭਗ 12 ਲੱਖ ਭਰਤੀ ਪੱਤਰ ਵੰਡੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਸਰਕਾਰ ਮੁਤਾਬਕ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਹ ਸਿੱਧੀ ਭਰਤੀ ਦੀਆਂ ਵੱਡੀਆਂ ਮੁਹਿੰਮਾਂ ਵਿੱਚੋਂ ਇੱਕ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























