ਮੁੰਬਈ ,23 ਜੁਲਾਈ (ਵਿਸ਼ਵ ਵਾਰਤਾ)Mumbai News: ਮੁੰਬਈ ਦੇ ਨੇਵਲ ਡੌਕਯਾਰਡ ਵਿੱਚ ਮੁਰੰਮਤ ਦੌਰਾਨ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐਨਐਸ ਬ੍ਰਹਮਪੁੱਤਰ ਵਿੱਚ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਜੰਗੀ ਬੇੜਾ ਇਕ ਪਾਸੇ ਝੁਕ ਗਿਆ ਹੈ। ਅੱਗ ਲੱਗਣ ਕਾਰਨ ਜਹਾਜ਼ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਘਟਨਾ ਵਿਚ ਇਕ ਸੈਨਿਕ ਵੀ ਲਾਪਤਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜਲ ਸੈਨਾ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਜਲ ਸੈਨਾ ਦੇ ਸਵਦੇਸ਼ੀ ਜੰਗੀ ਜਹਾਜ਼ ਆਈਐੱਨਐੱਸ ਬ੍ਰਹਮਪੁੱਤਰ ‘ਚ ਐਤਵਾਰ ਸ਼ਾਮ ਨੂੰ ਅੱਗ ਲੱਗ ਗਈ। ਘਟਨਾ ਦੇ ਸਮੇਂ ਮੁੰਬਈ ਦੇ ਨੇਵਲ ਡਾਕਯਾਰਡ ‘ਚ ਜਹਾਜ਼ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜਲ ਸੈਨਾ ਨੇ ਦੱਸਿਆ ਕਿ ਸਮੁੰਦਰੀ ਜਹਾਜ਼ ਦੇ ਅਮਲੇ ਨੇ ਨੇਵਲ ਡਾਕਯਾਰਡ, ਮੁੰਬਈ ਤੋਂ ਫਾਇਰ ਬ੍ਰਿਗੇਡ ਟੀਮਾਂ ਅਤੇ ਬੰਦਰਗਾਹ ‘ਤੇ ਮੌਜੂਦ ਹੋਰ ਜਹਾਜ਼ਾਂ ਦੀ ਮਦਦ ਨਾਲ ਸੋਮਵਾਰ ਸਵੇਰ ਤੱਕ ਅੱਗ ‘ਤੇ ਕਾਬੂ ਪਾ ਲਿਆ। ਹਾਲਾਂਕਿ, ਦੁਪਹਿਰ ਬਾਅਦ ਜਹਾਜ਼ ਇੱਕ ਪਾਸੇ ਨੂੰ ਝੁਕਣਾ ਸ਼ੁਰੂ ਹੋ ਗਿਆ। ਜਲ ਸੈਨਾ ਨੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਹਾਜ਼ ਨੂੰ ਸਿੱਧਾ ਨਹੀਂ ਕੀਤਾ ਜਾ ਸਕਿਆ। ਜਲ ਸੈਨਾ ਨੇ ਕਿਹਾ ਕਿ ਇੱਕ ਜੂਨੀਅਰ ਨੌ-ਸੈਨਿਕ ਨੂੰ ਛੱਡ ਕੇ ਬਾਕੀ ਸਾਰੇ ਕਰਮਚਾਰੀਆਂ ਨੂੰ ਬਚਾ ਲਿਆ ਗਿਆ ਹੈ, ਸੈਨਿਕ ਲਾਪਤਾ ਹੈ ਅਤੇ ਉਸਦੀ ਭਾਲ ਜਾਰੀ ਹੈ।