ਬਹੁਮੰਤਵੀ ਸਿਹਤ ਕਰਮਚਾਰੀ ਐਸੋਸੀਏਸ਼ਨ PUNJAB ਵੱਲੋਂ ਸਰਕਾਰ ਨੂੰ ਅਲਟੀਮੇਟਮ
“ਜੇਕਰ 15 ਦਿਸੰਬਰ ਤੱਕ ਕੋਈ ਸੁਣਵਾਈ ਨਾ ਹੋਈ ਤਾਂ ਐਸੋਸੀਏਸ਼ਨ ਮਰਨ ਵਰਤ ਸ਼ੁਰੂ ਕਰੇਗੀ :ਜਨਰਲ ਸਕੱਤਰ ਰਜਿੰਦਰ ਸਿੰਘ”
ਚੰਡੀਗੜ੍ਹ, 14 ਦਿਸੰਬਰ 2025 (ਵਿਸ਼ਵ ਵਾਰਤਾ):- ਅੱਜ ਸਵੇਰੇ ਚੰਡੀਗੜ੍ਹ ਵਿੱਚ ਬਹੁਮੰਤਵੀ ਸਿਹਤ ਕਰਮਚਾਰੀ ਐਸੋਸੀਏਸ਼ਨ PUNJAB ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਸੂਬਾ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਗਹਿਲੀ ਅਤੇ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ ਦਾ ਹੱਲ ਨਾ ਹੋਣ ’ਤੇ ਤਿੱਖੀ ਨਾਰਾਜ਼ਗੀ ਜਤਾਈ, ਐਸੋਸੀਏਸ਼ਨ ਨੇ ਸਪਸ਼ਟ ਕੀਤਾ ਕਿ ਪਿਛਲੇ 11 ਮਹੀਨਿਆਂ ਤੋਂ ਲਗਾਤਾਰ ਮੀਟਿੰਗ ਦੀ ਮੰਗ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਵੀ ਠੋਸ ਨਤੀਜਾ ਸਾਹਮਣੇ ਨਹੀਂ ਆਇਆ।ਐਸੋਸੀਏਸ਼ਨ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਸਮਾਨਤਾ ਅਤੇ ਸਨਮਾਨ ਦੀ ਘਾਟ, ਤਨਖਾਹ ਸਕੇਲਾਂ ਵਿੱਚ ਵੱਖਰੇਵੇਂ, ਅਬਾਦੀ ਦੇ ਅਨੁਸਾਰ ਨਵੀਆਂ ਤਰੱਕੀ ਅਸਾਮੀਆਂ ਦੀ ਸਿਰਜਣਾ ਨਾ ਹੋਣਾ ਅਤੇ ਕੱਟੇ ਗਏ ਭੱਤਿਆਂ ਦੀ ਬਹਾਲੀ ਨਾ ਕਰਨ ਕਾਰਨ ਸੂਬੇ ਭਰ ਦੇ ਬਹੁਮੰਤਵੀ ਸਿਹਤ ਕਰਮਚਾਰੀ ਭਾਰੀ ਆਰਥਿਕ ਤੰਗੀ ਝੱਲਣ ਲਈ ਮਜਬੂਰ ਹਨ।ਬਹੁਮੰਤਵੀ ਸਿਹਤ ਕਰਮਚਾਰੀ (ਪੁਰਸ਼/ਇਸਤਰੀ) ਸੂਬੇ ਦੀ ਪ੍ਰਾਇਮਰੀ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ, ਪਰ ਫਿਰ ਵੀ ਉਨ੍ਹਾਂ ਦੇ ਮਸਲਿਆਂ ਨੂੰ ਘੋਰ ਅਣਗਹਿਲੀ ਨਾਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਡਾਕਟਰਾਂ ਦੇ ਉਲਟ, MPHW ਕੇਡਰ ਨੂੰ ACP (ਅਸ਼ਿਊਰਡ ਕਰੀਅਰ ਪ੍ਰੋਗ੍ਰੈਸ਼ਨ) ਦਾ ਲਾਭ ਨਹੀਂ ਦਿੱਤਾ ਗਿਆ। ਹਰ ਮਹਾਮਾਰੀ ਦੌਰਾਨ ਅੱਗੇ ਰਹਿ ਕੇ ਸੇਵਾਵਾਂ ਨਿਭਾਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਭੱਤੇ ਬਹਾਲ ਨਹੀਂ ਕੀਤੇ ਗਏ।ਹੁਣ ਤੱਕ ਹੋਈਆਂ ਮੀਟਿੰਗਾਂ ਵਿੱਚ ਵੀ ਕੇਡਰ ਨੂੰ ਸਨਮਾਨਪੂਰਵਕ ਸੁਣਵਾਈ ਨਹੀਂ ਮਿਲੀ। ਇਸ ਲਈ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ, ਪਰਸੋਨਲ ਵਿਭਾਗ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਮੀਟਿੰਗ ਕਰਵਾਈ ਜਾਵੇ ਤਾਂ ਜੋ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾ ਸਕੇ।ਆਖਰੀ ਅਲਟੀਮੇਟਮ ਜਾਰੀ ਕਰਦੇ ਹੋਏ ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਸਰਕਾਰ 15 ਦਿਸੰਬਰ 2025 ਤੱਕ ਗੰਭੀਰਤਾ ਨਾਲ ਕੇਡਰ ਦੀ ਗੱਲ ਨਹੀਂ ਸੁਣਦੀ, ਤਾਂ ਕਰਮਚਾਰੀ ਡਿਊਟੀ ਦੌਰਾਨ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕਰਨਗੇ, 16 ਦਿਸੰਬਰ 2025 ਤੋਂ ਮਰਨ ਵਰਤ ਅਣਮਿਆਦੀ ਤੌਰ ’ਤੇ ਸ਼ੁਰੂ ਕੀਤਾ ਜਾਵੇਗਾ,ਐਸੋਸੀਏਸ਼ਨ ਨੇ ਭਰੋਸਾ ਦਿਵਾਇਆ ਕਿ ਸਾਰੇ ਸੰਘਰਸ਼ ਸੰਵਿਧਾਨਕ ਹੱਦਾਂ ਅੰਦਰ ਰਹਿ ਕੇ ਕੀਤੇ ਜਾਣਗੇ ਅਤੇ ਕਿਸੇ ਵੀ ਸਥਿਤੀ ਵਿੱਚ ਪੰਜਾਬ ਦੀ ਜਨਤਾ ਨੂੰ ਲਾਜ਼ਮੀ ਸਿਹਤ ਸੇਵਾਵਾਂ ਤੋਂ ਵੰਚਿਤ ਨਹੀਂ ਕੀਤਾ ਜਾਵੇਗਾ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਖਾਲਸਾ ,ਜਨਰਲ ਸਕੱਤਰ ਰਜਿੰਦਰ ਸਿੰਘ, ਉਪ ਪ੍ਰਧਾਨ ਚੰਦ ਸਿੰਘ (ਬਠਿੰਡਾ)ਪ੍ਰੈਸ ਸਕੱਤਰ ਜਗਸੀਰ ਸਿੰਘ ,ਸੀਨੀਅਰ ਉਪ ਪ੍ਰਧਾਨ ਰਣਧੋਜ ਸਿੰਘ (ਸ੍ਰੀ ਫ਼ਤਿਹਗੜ੍ਹ ਸਾਹਿਬ)ਮੁੱਖ ਸਲਾਹਕਾਰ ਸੰਦੀਪ ਸਿੰਘ ਜਗਜੀਤ ਸਿੰਘ ਧਨੌਲਾ ,ਅਮਨਦੀਪ ਸਿੰਘ ,ਅਰਵਿੰਦ ਲੁਧਿਆਣਾ , ਅਮਨਿੰਦਰ ਸਿੰਘ ਅਤੇ ਮਨਦੀਪ ਸਿੰਘ ਹਾਜਰ ਰਹੇ























