Mohali News: ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਬਲੌਂਗੀ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੀ ਸ਼ੁਰੂਆਤ
- ਗਲੀਆਂ ਦਾ ਕੰਮ ਦੋ ਮਹੀਨਿਆਂ ਵਿੱਚ ਪੂਰਾ ਕਰਨ ਦਾ ਦਿੱਤਾ ਭਰੋਸਾ
- ਪਿੰਡ ਬਲੌਗੀਂ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਵੇਗੀ ਲਾਇਬ੍ਰੇਰੀ- ਕੁਲਵੰਤ ਸਿੰਘ
ਐਸ.ਏ.ਐਸ.ਨਗਰ, 04 ਅਪ੍ਰੈਲ 2025 (ਸਤੀਸ਼ ਕੁਮਾਰ ਪੱਪੀ):- ਹਲਕਾ ਵਿਧਾਇਕ, ਮੋਹਾਲੀ, ਕੁਲਵੰਤ ਸਿੰਘ ਨੇ ਅੱਜ ਇੱਥੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਲਗਾਤਾਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਲੋਕਾਂ ਨੂੰ ਰੋਜ਼ਗਾਰ, ਪੜ੍ਹਾਈ, ਸਿਹਤ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਲੜੀਵਾਰ ਪੂਰੇ ਕਰ ਰਹੀ ਹੈ, ਤੇ ਪੂਰੀ ਸਾਫ ਨੀਅਤ ਨਾਲ ਲੋਕਾਂ ਲਈ ਕੰਮ ਕੀਤਾ ਜਾ ਰਿਹਾ ਹੈ।
ਵਿਧਾਇਕ, ਕੁਲਵੰਤ ਸਿੰਘ ਅੱਜ ਪਿੰਡ ਬਲੌਂਗੀ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੀ ਸ਼ੁਰੂਆਤ ਕਰਨ ਆਏ ਸਨ।
ਹਲਕਾ ਵਿਧਾਇਕ ਵੱਲੋਂ ਦੱਸਿਆ ਗਿਆ ਕਿ ਪਿੰਡ ਬਲੌਂਗੀ ਵਿਖੇ ਬਣਨ ਵਾਲੀਆਂ ਗਲੀਆਂ ਦੀ 500X20 ਫੁੱਟ, 240X18 ਅਤੇ 450X14 ਫੁੱਟ ਲੰਬਾਈ ਚੌੜਾਈ ਹੈ, ਜੋ ਕਿ ਲਗਭੱਗ 20000 ਸਕੇਅਰ ਫੁੱਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਲੀਆਂ ਦੇ ਹੇਠਾਂ 12 ਇੰਚ ਚੌੜਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਇਆ ਜਾ ਰਿਹਾ ਹੈ ਅਤੇ ਪਾਈਪ ਪਾਉਣ ਉਪਰੰਤ ਇਨ੍ਹਾਂ ਨੂੰ ਨਵੇਂ ਸਿਰੇ ਤੋਂ ਪੱਕਾ ਕੀਤਾ ਜਾ ਰਿਹਾ ਹੈ, ਤਾਂ ਜੋ ਪਿੰਡ ਵਾਸੀਆਂ ਨੂੰ ਬਰਸਾਤੀ ਮੌਸਮ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੰਮ ਤੇ 12 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਇਹ ਕੰਮ 2 ਮਹੀਨਿਆਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਬਲੌਂਗੀ ਵਿੱਚ ਵਿਕਾਸ ਦੇ ਕੰਮ ਲਗਾਤਰ ਚਲ ਰਹੇ ਹਨ। ਪਿੰਡ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਦੀ ਉਸਾਰੀ ਕੀਤੀ ਜਾ ਰਹੀ ਅਤੇ ਲਾਇਬ੍ਰੇਰੀ ਬਣਾਉਣ ਦਾ ਕੰਮ ਵੀ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ। ਪਿੰਡ ਵਿੱਚ ਪੰਚਾਇਤ ਘਰ ਦਾ ਅਧੂਰਾ ਪਿਆ ਕੰਮ 21 ਲੱਖ ਰੁਪਏ ਦੀ ਲਾਗਤ ਨਾਲ ਅਗਲੇ 3 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਆਮ ਅਦਮੀ ਕਲੀਨਿਕ ਖੋਲ੍ਹੇ ਗਏ ਹਨ। ਇੰਨਾਂ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦੇ 38 ਡਾਇਗਨੌਸਟਿਕ ਟੈਸਟ ਮੁਫਤ ਦਿੱਤੇ ਜਾਂਦੇ ਹਨ। ਸਰਕਾਰ ਵੱਲੋਂ ਲੋਕਾਂ ਨੂੰ 600 ਯੂਨਿਟ ਤੱਕ ਮੁਫਤ ਘਰੇਲੂ ਬਿਜਲੀ ਆਦਿ ਵਾਅਦੇ ਪੂਰੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਲੋਕਾਂ ਲਈ ਹੈ ਅਤੇ ਲੋਕਾਂ ਦਾ ਹੀ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਨਾਲ-ਨਾਲ ਇਲਾਕੇ ਦੀਆਂ ਸ਼ਾਮਲਾਤ ਜ਼ਮੀਨਾਂ ਤੇ ਜੋ ਕਬਜ਼ੇ ਕੀਤੇ ਗਏ ਹਨ, ਨੂੰ ਜਲਦ ਤੋਂ ਜਲਦ ਛੁਡਾ ਕੇ ਪਿੰਡ ਦੀ ਪੰਚਾਇਤਾਂ ਨੂੰ ਕਬਜ਼ੇ ਦੁਆਏ ਜਾਣਗੇ। ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਸ਼ਾਮਲਾਤ ਜ਼ਮੀਨਾਂ ਉੱਤੇ ਕਬਜਾ ਕਰਦਾ ਹੈ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸਮੱਸਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਜੋ ਵੀ ਕੰਮ ਕਾਨੂੰਨ ਦੇ ਅੰਦਰ ਹੋਵੇਗਾ ਉਹ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਣਅਧਿਕਾਰਤ ਤੌਰ ਤੇ ਚਲ ਰਹੇ ਪੇਇੰਗ ਗੈਸਟ ਹਾਊਸ ਤੇ ਸ਼ਿਕੰਜਾ ਕੱਸਿਆ ਜਾਵੇਗਾ ਤਾਂ ਜੋ ਆਮ ਨਾਗਰਿਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਹਰ ਰਹਿੰਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇਗਾ।
ਇਸ ਮੌਕੇ ਬੀ.ਡੀ.ਪੀ.ਓ ਮੋਹਾਲੀ ਮਹਿਕਪ੍ਰੀਤ ਸਿੰਘ, ਜੇ.ਈ ਜਸਪਾਲ ਮਸੀਹ, ਪੰਚਾਇਤ ਸਕੱਤਰ ਹੁਸ਼ਿਆਰ ਸਿੰਘ, ਸਤਨਾਮ ਸਿੰਘ, ਸਰਪੰਚ, ਪਿੰਡ ਬਲੌਂਗੀ, ਮੱਖਣ ਸਿੰਘ, ਸਰਪੰਚ, ਬਲੌਂਗੀ ਕਾਲੋਨੀ, ਬਲਜੀਤ ਸਿੰਘ ਵਿੱਕੀ, ਬਲਾਕ ਪ੍ਰਧਾਨ, ਗੁਰਨਾਮ ਸਿੰਘ ਸਰਪੰਚ ਦਾਓਂ, ਮਗਨ ਲਾਲ, ਬਲਾਕ ਪ੍ਰਧਾਨ ਬਲੌਂਗੀ, ਗੁਰਜਿੰਦਰ ਸਿੰਘ ਸਰਪੰਚ ਪਿੰਡ ਬੱਲੋਮਾਜਰਾ,ਆਰ.ਪੀ. ਸ਼ਰਮਾ, ਡਾ. ਕੁਲਦੀਪ ਸਿੰਘ, ਹਰਮੇਸ਼ ਕੁੰਬੜਾ, ਐਮ.ਸੀ, ਹਰਪਾਲ ਸਿੰਘ ਚੰਨਾ, ਹਰਬਿੰਦਰ ਸੈਣੀ, ਐਮ.ਸੀ, ਅਕਬਿੰਦਰ ਗੋਸਲ, ਜਸਪਾਲ ਸਿੰਘ, ਐਮ.ਸੀ., ਮਟੌਰ, ਚਰਨਜੀਤ ਸੈਣੀ, ਗੁਰਪ੍ਰੀਤ ਕੁਰੜਾ, ਗੁਰਪ੍ਰੀਤ ਪੰਚ ਬਲਿਆਲੀ, ਹਰਵਿੰਦਰ ਸਿੰਘ, ਰਣਜੀਤ ਸੈਣੀ ਬਲੌਂਗੀ, ਅਵਤਾਰ ਸਿੰਘ ਝਾਮਪੁਰ, ਮਮਤਾ ਜੈਨ ਬਲੌਂਗੀ, ਲਾਲ ਬਹਾਦਰ, ਪੰਚ ਬਲੌਂਗੀ ਅਤੇ ਹੋਰ ਇਲਾਕਾ ਨਿਵਾਸੀ ਹਾਜਰ ਸਨ।