Mohali News: ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਸਰਪੰਚੀ ਲਈ ਕੁੱਲ 1446 ਅਤੇ ਪੰਚੀ ਲਈ 3890 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਐਸ.ਏ.ਐਸ.ਨਗਰ, 4 ਅਕਤੂਬਰ (ਸਤੀਸ਼ ਕੁਮਾਰ ਪੱਪੀ):- ਗ੍ਰਾਮ ਪੰਚਾਇਤ ਚੋਣਾਂ-2024 ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਤੱਕ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਸਰਪੰਚਾਂ ਦੇ ਅਹੁਦਿਆਂ ਲਈ ਕੁੱਲ 1446 ਅਤੇ ਪੰਚਾਂ ਦੇ ਅਹੁਦੇ ਲਈ 3890 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਐਸ.ਡੀ.ਐਮਜ਼ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਤਹਿਤ ਮੋਹਾਲੀ ਬਲਾਕ ਵਿੱਚ ਸਰਪੰਚਾਂ ਦੇ ਅਹੁਦਿਆਂ ਲਈ ਕੁੱਲ 314 ਅਤੇ ਪੰਚਾਂ ਲਈ 970 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਖਰੜ ਬਲਾਕ ਵਿੱਚ ਸਰਪੰਚਾਂ ਦੇ ਅਹੁਦੇ ਲਈ ਕੁੱਲ 275 ਨਾਮਜ਼ਦਗੀਆਂ ਅਤੇ ਪੰਚਾਂ ਲਈ ਕੁੱਲ 669 ਨਾਮਜ਼ਦਗੀਆਂ ਪ੍ਰਾਪਤ ਹੋਈਆਂ।
ਇਸੇ ਤਰ੍ਹਾਂ ਡੇਰਾਬੱਸੀ ਬਲਾਕ ਵਿੱਚ ਸਰਪੰਚਾਂ ਲਈ ਕੁੱਲ 505 ਅਤੇ ਪੰਚਾਂ ਲਈ ਕੁੱਲ 1336 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਦਕਿ ਮਾਜਰੀ ਬਲਾਕ ਵਿੱਚ ਸਰਪੰਚਾਂ ਲਈ 352 ਅਤੇ ਪੰਚਾਂ ਲਈ ਕੁੱਲ 915 ਨਾਮਜ਼ਦਗੀਆਂ ਪ੍ਰਾਪਤ ਹੋਈਆਂ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ ਅਤੇ ਹੁਣ ਕਾਗਜ਼ਾਂ ਦੀ ਪੜਤਾਲ 5 ਅਕਤੂਬਰ, 2024 ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਕਤੂਬਰ, 2024 ਨੂੰ ਬਾਅਦ ਦੁਪਹਿਰ 3:00 ਵਜੇ ਤੱਕ ਹੈ।