“ਸੰਕਲਪ” ਮੁਹਿੰਮ ਅਧੀਨ ਬੀ.ਐਨ.ਐਸ. (ਭਾਰਤੀ ਨਿਆਂ ਸੰਹਿਤਾ) ਸਬੰਧੀ ਜਾਗਰੂਕਤਾ ਕੈਂਪ
ਸਖੀ-ਵਨ ਸਟਾਪ ਸੈਂਟਰ ਵਿਚ ਦਿੱਤੀਆ ਜਾ ਰਹੀਆਂ ਮੁਫ਼ਤ ਸਹੂਲਤਾਂ ਬਾਰੇ ਔਰਤਾਂ ਨੂੰ ਕੀਤਾ ਜਾਗਰੂਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ,5 ਜੁਲਾਈ(ਸਤੀਸ਼ ਕੁਮਾਰ ਪੱਪੀ)Mohali News- ‘ਹਬ ਫਾਰ ਇੰਮਾਵਰਮੈਂਟ ਆਫ ਵੂਮੈਨ’ ਦੇ ਤਹਿਤ ਭਾਰਤ ਸਰਕਾਰ, ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਨਵੀਂ ਦਿੱਲੀ ਵੱਲੋਂ ਔਰਤਾਂ ’ਤੇੇ ਕੇਂਦਰਿਤ ਮੁੱਦਿਆਂ ’ਤੇ ਜਾਗਰੂਕਤਾ ਪਹੁੰਚਾਉਣ ਲਈ 100 ਦਿਨਾਂ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜੋ ਕਿ ਪੂਰੇ ਭਾਰਤ ਵਿਚ 21 ਜੂਨ ਤੋ 4 ਅਕਤੂਬਰ, 2024 ਤੱਕ ਚਲਾਇਆ ਜਾ ਰਿਹਾ ਹੈ।
ਇਸ 100 ਦਿਨਾਂ ਜਾਗਰੂਕਤਾ ਅਭਿਆਨ ਤਹਿਤ ਸ੍ਰੀਮਤੀ ਸ਼ੇਨਾ ਅਗਰਵਾਲ (ਆਈ.ਏ.ਐਸ), ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਅਗਵਾਈ ਹੇਠ ਅੱਜ ਤੀਸਰੇ ਹਫ਼ਤੇ ਤਹਿਤ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਰਕਾਰੀ ਸਕੂਲ 3-ਬੀ 1, ਸਖੀ-ਵਨ ਸਟਾਪ ਸੈਂਟਰ ਅਤੇ ਜ਼ਿਲ੍ਹੇ ਅਧੀਨ ਆਉਂਦੇ ਬਲਾਕਾਂ ਵਿਖੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਵਲੋਂ ਤੈਨਾਤ ਨੋਡਲ ਅਫ਼ਸਰ ਐਡਵੋਕੇਟ ਸ੍ਰੀਮਤੀ ਆਰਤੀ ਸ਼ਰਮਾ, ਵੱਲੋਂ ਬੀ.ਐਨ.ਐਸ. (ਭਾਰਤੀ ਨਿਆਂ ਸੰਹਿਤਾ) ਐਕਟ ਅਤੇ ਕਾਨੂੰਨਾਂ ਵਿੱਚ ਆਈਆਂ ਤਬਦੀਲੀਆਂ ਬਾਰੇ ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰਾਂ, ਸਖੀ- ਵਨ ਸਟਾਪ ਸੈਂਟਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਸਟਾਫ਼, 9ਵੀਂ-10ਵੀਂ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਮਿਸ਼ਨ ਸ਼ਕਤੀ (ਡੀ.ਐਚ.ਈ.ਡਬਲਯੂ) ਦੇ ਜ਼ਿਲ੍ਹਾ ਕੋਆਰਡੀਨੇਟਰ ਮਿਸ ਰਜਨੀਤ ਕੌਰ ਵਲੋਂ ਮਿਸ਼ਨ ਸ਼ਕਤੀ ਸਕੀਮ ਸਬੰਧੀ ਔਰਤਾਂ ਦੇ ਸਰਵਪੱਖੀ ਵਿਕਾਸ ਨੂੰ ਵਧਾਉਣ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਆਂਗਣਵਾੜੀ ਵਰਕਰਾਂ ਨੂੰ ਇਹ ਜਾਣਕਾਰੀ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋਂ ਸਮਾਜ ਵਿਚ ਵੱਧ ਰਹੇ ਔਰਤਾਂ ਪ੍ਰਤੀ ਅਪਰਾਧਿਕ ਮਾਮਲਿਆਂ ’ਤੇ ਨੱਥ ਪਾਈ ਜਾ ਸਕੇ।
ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਮੱਦਦ ਕਰਨ ਵਾਸਤੇ ਜ਼ਿਲ੍ਹੇ ਅਧੀਨ ਸਥਾਪਿਤ ਸਖੀ- ਵਨ ਸਟਾਪ ਸੈਂਟਰ ਵਿਚ ਦਿੱਤੀਆ ਜਾ ਰਹੀਆਂ ਮੁਫ਼ਤ ਸਹੂਲਤਾਂ ਜਿਵੇਂ ਕਿ ਔਖੇ ਸਮੇਂ ਵਿਚ ਸਹਾਇਤਾ ਅਤੇ ਬਚਾਓ ਸੇਵਾਵਾਂ, ਡਾਕਟਰੀ ਅਤੇ ਪੁਲਿਸ ਸਹਾਇਤਾ, ਕਾਊਂਸਲਿੰਗ, ਕਾਨੂੰਨੀ ਸਹਾਇਤਾ ਤੇ ਕਾਨੂੰਨੀ ਸਲਾਹ ਦੇਣਾ ਅਤੇ ਰਹਿਣ ਲਈ ਸੁਰੱਖਿਅਤ ਥਾਂ ਪ੍ਰਦਾਨ ਕਰਨ ਬਾਰੇ ਆਂਗਣਵਾੜੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਕਿਰਨਪ੍ਰੀਤ ਕੌਰ, ਵਿੱਤੀ ਸਾਖ਼ਰਤਾ ਮਾਹਿਰ, ਬਲਾਕ ਮਾਜਰੀ ਅਧੀਨ ਆਉਂਦੀਆ ਸੁਪਰਵਾਈਜ਼ਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ, ਜ਼ਿਲਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਸਮੇਤ ਲਾਭਪਾਤਰੀ ਵੀ ਮੌਜੂਦ ਸਨ।