ਬਹੁ-ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ
ਪਤਨੀ ਨੂੰ ਹੋਈ ਉਮਰਕੈਦ
ਚੰਡੀਗੜ੍ਹ, 3 ਜੁਲਾਈ 2026 (ਵਿਸ਼ਵ ਵਾਰਤਾ): ਮੋਹਾਲੀ ਦੇ ਬਹੁਚਰਚਿਤ ਏਕਮ ਢਿੱਲੋਂ ਕਤਲ ਕੇਸ ‘ਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਪਤੀ ਏਕਮ ਢਿੱਲੋਂ ਦਾ ਕਤਲ ਕਰਨ ਵਾਲੀ ਪਤਨੀ ਸੀਰਤ ਨੂੰ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 90 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਭਰਨ ‘ਤੇ ਉਸ ਨੂੰ ਵਾਧੂ ਸਜ਼ਾ ਕੱਟਣੀ ਪਵੇਗੀ। ਦੋਸ਼ੀ ਸੀਰਤ ਕੌਰ ਨੇ 9 ਸਾਲ ਪਹਿਲਾਂ ਪਤੀ ਏਕਮ ਢਿੱਲੋਂ ਦਾ ਕਤਲ ਕੀਤਾ ਸੀ।
ਉਸ ਨੇ ਪਤੀ ਨੂੰ ਮਾਰ ਕੇ ਉਸਦੀ ਲਾਸ਼ ਨੂੰ ਸੂਟਕੇਸ ਵਿੱਚ ਪੈਕ ਕਰ ਦਿੱਤਾ ਸੀ। ਸੀਰਤ ਸੂਟਕੇਸ ਨੂੰ ਟਿਕਾਣੇ ਲਗਾਉਣ ਲਈ ਉਸ ਨੂੰ ਬੀਐਮਡਬਲਯੂ ਕਾਰ ਵਿੱਚ ਲੈ ਕੇ ਜਾ ਰਹੀ ਸੀ, ਉਦੋਂ ਹੀ ਉਸ ਦਾ ਭੇਤ ਖੁੱਲ੍ਹ ਗਿਆ ਸੀ। ਅੱਜ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਤੋਂ ਸੀਰਤ ਲਈ ਫਾਂਸੀ ਦੀ ਮੰਗ ਕੀਤੀ ਸੀ। ਹਾਲਾਂਕਿ, ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਉਂਕਿ ਮਹਿਲਾ ਦਾ ਇਹ ਪਹਿਲਾ ਅਪਰਾਧ ਹੈ ਅਤੇ ਉਸ ਦੀ ਉਮਰ ਨੂੰ ਦੇਖਦੇ ਹੋਏ ਇਹ ਮਾਮਲਾ ‘ਰੇਅਰੈਸਟ ਆਫ਼ ਰੇਅਰ’ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਸ ਲਈ ਉਸ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।
ਦੱਸ ਦਈ ਕਿ ਇਹ ਘਟਨਾ 18 – 19 ਮਾਰਚ 2017 ਦੀ ਦਰਮਿਆਨੀ ਰਾਤ ਮੋਹਾਲੀ ਦੇ ਫੇਜ਼-3B1 ਸਥਿਤ ਮਕਾਨ ਨੰਬਰ 116 ਵਿੱਚ ਹੋਈ ਸੀ। ਮ੍ਰਿਤਕ ਏਕਮ ਸਿੰਘ ਢਿੱਲੋਂ ਪੇਸ਼ੇ ਤੋਂ ਇੱਕ ਨਾਮੀ ਬਿਲਡਰ ਸੀ ਅਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਏਕਮ ਅਤੇ ਸੀਰਤ ਦੇ 11 ਸਾਲ ਦੇ ਬੇਟੇ ਗੁਰਨਿਵਾਜ਼ ਸਿੰਘ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਵਾਰਦਾਤ ਵਾਲੀ ਰਾਤ ਉਸਨੇ ਆਪਣੇ ਪਿਤਾ ਦੀ ਚੀਖ ਅਤੇ ਫਿਰ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ। ਜਦੋਂ ਉਸਨੇ ਕਮਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤਾਂ ਮਾਂ (ਸੀਰਤ) ਨੇ ਬਾਹਰੋਂ ਕੁੰਡੀ ਲਗਾ ਦਿੱਤੀ ਸੀ ਅਤੇ ਕਿਹਾ ਕਿ ਇਹ ਆਵਾਜ਼ ਟੀਵੀ ਤੋਂ ਆ ਰਹੀ ਹੈ।
ਅਗਲੀ ਸਵੇਰ (19 ਮਾਰਚ) ਏਕਮ ਦੇ ਭਰਾ ਅਤੇ ਪਿਤਾ ਨੂੰ ਕਿਸੇ ਜਾਣਕਾਰ ਤੋਂ ਭਰਾ ਦੇ ਘਰ ਕੁਝ ਗੜਬੜ ਹੋਣ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ‘ਤੇ ਪਹੁੰਚੇ, ਤਾਂ ਕੋਠੀ ਦੇ ਬਾਹਰ ਏਕਮ ਦੀ ਬੀਐਮਡਬਲਯੂ ਕਾਰ ਖੜ੍ਹੀ ਸੀ ਅਤੇ ਉਸਦੇ ਪਿਛਲੇ ਦਰਵਾਜ਼ੇ ਕੋਲ ਜ਼ਮੀਨ ‘ਤੇ ਖੂਨ ਖਿਲਰਿਆ ਹੋਇਆ ਸੀ। ਕਾਰ ਖੋਲ੍ਹਣ ‘ਤੇ ਪਿਛਲੀ ਸੀਟ ‘ਤੇ ਇੱਕ ਵੱਡਾ ਕਾਲੇ ਰੰਗ ਦਾ ਸੂਟਕੇਸ ਮਿਲਿਆ, ਜਿਸ ਵਿੱਚੋਂ ਖੂਨ ਰਿਸ ਰਿਹਾ ਸੀ। ਸੂਟਕੇਸ ਖੋਲ੍ਹਣ ‘ਤੇ ਅੰਦਰ ਖੂਨ ਨਾਲ ਲੱਥਪੱਥ ਏਕਮ ਦੀ ਲਾਸ਼ ਬੰਦ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























