Mohali: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਪਰਾਲੀ ਪ੍ਰਬੰਧਨ ਲਈ ਬੇਲਰ-ਰੇਕਰ ਮਸ਼ੀਨਾਂ ਨੂੰ ਕੀਤਾ ਗਿਆ ਰਵਾਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਸਤੰਬਰ 2025 (ਸਤੀਸ਼ ਕੁਮਾਰ ਪੱਪੀ):- ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ, ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਅੱਜ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਕਿਸਾਨਾਂ ਵਾਸਤੇ ਝੋਨੇ ਦੀ ਫਸਲ ਦੀ ਕਟਾਈ ਉਪਰੰਤ, ਪਰਾਲੀ ਦੀਆਂ ਗੰਢਾਂ ਬਨਵਾਉਣ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਕੁਲਵਿੰਦਰ ਸਿੰਘ ਪਿੰਡ ਸੋਹਾਣਾ ਦੀਆਂ ਬੇਲਰ-ਰੇਕਰ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਹਾਜਰ ਸਨ।
ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਸਰਕਾਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਬਸਿਡੀ ‘ਤੇ ਹੁਣ ਤੱਕ 1540 ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਵੱਧ ਤੋਂ ਵੱਧ ਰਕਬਾ ਕਵਰ ਕਰਕੇ, ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਲਈ, ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਦੀਆਂ ਗੰਢਾਂ ਬਣਾਉਣ ਲਈ 28 ਬੇਲਰ-ਰੇਕਰ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਗਈਆਂ ਹਨ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਝੋਨੇ ਦੀ ਫਸਲ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਬਲਾਕ ਡੇਰਾਬਸੀ ਦੇ ਪਿੰਡ ਧਨੋਨੀ ਤੇ ਬਲਾਕ ਖਰੜ ਦੇ ਪਿੰਡ ਬਠਲਾਣਾ ਤੋਂ ਬੇਲਰਾਂ ਰਾਹੀਂ ਪਰਾਲੀ ਦੀਆਂ ਗੰਢਾਂ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਹਿਕਾਰਤਾ, ਪੰਚਾਇਤਾਂ, ਕਿਸਾਨ ਗਰੁੱਪਾਂ ਅਤੇ ਵਿਅਕਤੀਗਤ ਕਿਸਾਨਾਂ ਦੁਆਰਾ ਸਬਸਿਡੀ ‘ਤੇ ਪ੍ਰਾਪਤ ਕੀਤੀ ਗਈ ਮਸ਼ੀਨਰੀ ਨੂੰ ਲੋੜਵੰਦ ਕਿਸਾਨਾਂ ਤੱਕ ਮੁਹੱਈਆ ਕਰਵਾਉਣ ਲਈ ਕਲੱਸਟਰ/ ਨੋਡਲ ਅਫਸਰਾਂ ਅਤੇ ਪਰਾਲੀ ਪ੍ਰੋਟੈਕਸ਼ਨ ਫੋਰਸ ਟੀਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਟਰੋਲ ਰੂਮ ਸਥਾਪਿਤ ਕਰਕੇ ਫੋਨ ਨੰਬਰ: 0722-2219506 ਜਾਰੀ ਕਰਦਿਆਂ ਦਸਿਆ ਕਿ ਕਿਸਾਨਾਂ ਵੱਲੋਂ ਲੋੜ ਪੈਣ ‘ਤੇ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਨੇ ਜਾਣਕਾਰੀ ਦਿੱਤੀ ਕਿ ਪਰਾਲੀ ਪ੍ਰਬੰਧਨ ਇੰਨ ਸੀਟੂ ਅਤੇ ਐਕਸ ਸੀਟੂ ਵਿਧੀ ਨਾਲ ਕੀਤਾ ਜਾਂਦਾ ਹੈ, ਜਿਥੇ ਇੰਨ ਸੀਟੂ ਵਿਧੀ ਰਾਹੀਂ ਸੁਪਰ ਸੀਡਰ, ਪਲਟਾਵਾਂ ਹੱਲ, ਚੌਪਰ, ਮਲਚਰ, ਹੈਪੀ ਸੀਡਰ ਆਦਿ ਮਸ਼ੀਨਾਂ ਦੀ ਵਰਤੋਂ ਕੀਤੀ ਜਾਦੀ ਹੈ। ਉੱਥੇ ਐਕਸ ਸੀਟੂ ਵਿਧੀ ਅਨੁਸਾਰ ਮੁੱਖ ਤੌਰ ਤੇ ਪਰਾਲੀ ਦੀਆਂ ਗੰਢਾਂ ਬਨਾਉਣ ਵਾਲੀ ਮਸ਼ੀਨ ਬੇਲਰ-ਰੇਕਰ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਮੌਕੇ ਤੇ ਤਹਿਸੀਲ Mohali ਦੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਦਮਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦਿਆਲ ਕੁਮਾਰ ਅਤੇ ਡਾ. ਮਨਦੀਪ ਕੌਰ, ਲਖਵਿੰਦਰ ਸਿੰਘ ਜੂਨੀਆਰ ਤਕਨੀਸ਼ੀਅਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।























