MOHALI : ਵਿਦੇਸ਼ ਜਾਣ ਦੇ ਚਾਹਵਾਨ ‘ਪ੍ਰੀ-ਡਿਪਾਰਚਰ ਓਰੀਐਨਟੇਸ਼ਨ ਟ੍ਰੇਨਿੰਗ ਪ੍ਰੋਗਰਾਮ’ (ਪੀ.ਡੀ.ਓ.ਟੀ.) ਦਾ ਲਾਭ ਜ਼ਰੂਰ ਲੈਣ : ਆਸ਼ਿਕਾ ਜੈਨ
ਵਿਦੇਸ਼ ਮੰਤਰਾਲੇ ਦੁਆਰਾ ਪ੍ਰਦਾਨ ਕੀਤੇ ਲਾਇਸੈਂਸ ਅਧੀਨ ਰਜਿਸਟਰਡ ਹੋਣਾ ਲਾਜ਼ਮੀ
ਐੱਸ.ਏ.ਐੱਸ.ਨਗਰ, 05 ਅਗਸਤ(ਸਤੀਸ਼ ਕੁਮਾਰ ਪੱਪੀ)MOHALI-ਵਿਦੇਸ਼ ਜਾਣ ਦੇ ਚਾਹਵਾਨ ਲੋਕ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੀ ਡਿਪਾਰਚਰ ਓਰੀਐਨਟੇਸ਼ਨ ਟ੍ਰੇਨਿੰਗ ਪ੍ਰੋਗਰਾਮ (ਪੀ.ਡੀ.ਓ.ਟੀ.) ਦਾ ਲਾਹਾ ਜ਼ਰੂਰ ਲੈਣ, ਜਿਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਨੁਮਾਇੰਦਿਆਂ ਨੂੰ ਮਾਸਟਰ ਟ੍ਰੇਨਰਾਂ ਵਜੋਂ ਸਿੱਖਿਅਤ ਕੀਤਾ ਗਿਆ ਹੈ। ਇਸ ਦੇ ਨਾਲੋ-ਨਾਲ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਅਤੇ ਪ੍ਰੋਟੈਕਟੋਰੇਟ ਆਫ਼ ਐਮੀਗਰੈਂਟਸ, ਚੰਡੀਗੜ੍ਹ ਵੱਲੋਂ ਸੰਚਾਲਿਤ ਪੋਰਟਲ https://emigrate.gov.in. ਦੀ ਵਰਤੋਂ ਕਰ ਕੇ ਐਮੀਗਰੇਸ਼ਨ ਐਕਟ 1983 ਬਾਬਤ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ, ਰੁਜ਼ਗਾਰ ਦਿਵਾਉਣ ਵਾਲੇ ਰਜਿਸਟਰਡ ਏਜੰਟਾਂ, ਏਜੰਸੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣ ਅਤੇ ਵਿਦੇਸ਼ੀ ਰੁਜ਼ਗਾਰ ਦਾਤਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ
ਪੀ.ਡੀ.ਓ.ਟੀ. ਪ੍ਰੋਗਰਾਮ ਦਾ ਉਦੇਸ਼ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਅੱਗੇ ਵਧਣ ਤੋਂ ਪਹਿਲਾਂ ਚਾਹਵਾਨ ਪ੍ਰਵਾਸੀਆਂ ਨੂੰ ਐਮੀਗ੍ਰੇਸ਼ਨ ਪ੍ਰਕਿਰਿਆ, ਉਨ੍ਹਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਅਤੇ ਮੰਜ਼ਿਲ ਵਾਲੇ ਦੇਸ਼ ਦੇ ਸੱਭਿਆਚਾਰਕ ਪਹਿਲੂਆਂ ਬਾਰੇ ਸਿੱਖਿਅਤ ਕਰਨਾ ਹੈ, ਜਿਸ ਨਾਲ ਉਨ੍ਹਾਂ ਦੇ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਤੀ ਵਿਭਾਗ ਅਧੀਨ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਾਲਮੇਲ ਨਾਲ ਪੰਜਾਬ ਵਿੱਚ ਲਾਗੂ ਕੀਤਾ ਗਿਆ ਹੈ। ਪੀ.ਡੀ.ਓ.ਟੀ ਦੇ ਵੇਰਵੇ http://pdot.mea.gov.in/ ‘ਤੇ ਉਪਲਬਧ ਹਨ।
ਸ਼੍ਰੀਮਤੀ ਜੈਨ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ (ਪੀ.ਟੀ.ਪੀ.ਆਰ.) ਐਕਟ, 2012 ਦੇ ਤਹਿਤ ਜਾਰੀ ਕੀਤੇ ਗਏ ਲਾਇਸੈਂਸ ਨਾਲ ਕੰਮ ਕਰਨ ਵਾਲੇ ਵੀਜ਼ਾ ਸਲਾਹਕਾਰਾਂ, ਟਰੈਵਲ ਏਜੰਟਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਐਕਟ ਅਧੀਨ ਲਾਇਸੈਂਸ ਧਾਰਕ, ਵਿਦੇਸ਼ਾਂ ਵਿੱਚ ਭਰਤੀ/ ਰੁਜ਼ਗਾਰ ਦਿਵਾਉਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਵਰਕ ਵੀਜ਼ਾ, ਵਰਕ ਪਰਮਿਟ ਦਾ ਕਾਰੋਬਾਰ ਕਰ ਕੇ ਐਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਐਮੀਗ੍ਰੇਸ਼ਨ ਐਕਟ, 1983 ਦੀ ਉਲੰਘਣਾ ਇੱਕ ਅਪਰਾਧ ਹੈ ਅਤੇ ਇਸ ਸਬੰਧੀ 02 ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਵਿਦੇਸ਼ਾਂ ਵਿੱਚ ਭਰਤੀ ਜਾਂ ਰੋਜ਼ਗਾਰ ਦਿਵਾਉਣ ਦੀਆਂ ਗਤੀਵਿਧੀਆਂ, ਵਰਕ ਵੀਜ਼ਾ ਦੇ ਕਾਰੋਬਾਰ ਦਾ ਸੰਚਾਲਨ, ਵਰਕ ਪਰਮਿਟ ਆਦਿ, ਐਮੀਗ੍ਰੇਸ਼ਨ ਐਕਟ, 1983 ਦੇ ਵੱਖਰੇ ਦਾਇਰੇ ਵਿੱਚ ਆਉਂਦੇ ਹਨ ਅਤੇ ਐਮੀਗ੍ਰੇਸ਼ਨ ਏਜੰਸੀ ਲਈ ਵਿਦੇਸ਼ ਮੰਤਰਾਲੇ ਦੁਆਰਾ ਪ੍ਰਦਾਨ ਕੀਤੇ ਲਾਇਸੈਂਸ ਅਧੀਨ ਰਜਿਸਟਰਡ ਹੋਣਾ ਲਾਜ਼ਮੀ ਹੈ।