MOHALI : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਸਵਿੰਦਰ ਕੌਰ ਸਿੱਧੂ ਗ੍ਰਾਮ ਪੰਚਾਇਤ ਚੋਣਾਂ ਲਈ ਚੋਣ ਅਬਜ਼ਰਵਰ ਨਿਯੁਕਤ
ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦੀ ਜਾਂਚ ਕਰਨ ਲਈ ਆਰ ਓ ਦਫਤਰਾਂ ਦਾ ਕੀਤਾ ਦੌਰਾ
ਸੰਪਰਕ ਕਰਨ ਲਈ ਨੰਬਰ ਅਤੇ ਦਫ਼ਤਰ ਦੇ ਵੇਰਵੇ ਜਾਰੀ ਕੀਤੇ
ਐਸ.ਏ.ਐਸ.ਨਗਰ, 4 ਅਕਤੂਬਰ(ਸਤੀਸ਼ ਕੁਮਾਰ ਪੱਪੀ) ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਜਸਵਿੰਦਰ ਕੌਰ ਸਿੱਧੂ, ਆਈ.ਏ.ਐਸ, ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ, ਪੰਜਾਬ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਪੰਚਾਇਤੀ ਚੋਣਾਂ ਦੀ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨ ਲਈ ਡੀ ਸੀ, ਐਸ ਐਸ ਪੀ, ਏ ਡੀ ਸੀਜ਼ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਵੋਟਰਾਂ ਅਤੇ ਗ੍ਰਾਮ ਪੰਚਾਇਤਾਂ ਦੇ ਵੇਰਵਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 332 ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਦੀ ਗਿਣਤੀ 422 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 296860 ਵੋਟਰ (ਪੁਰਸ਼ 159028, ਇਸਤਰੀ 137823, ਹੋਰ 9) ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਲਈ ਕੁੱਲ 46 ਆਰ.ਓ./ਏ.ਆਰ.ਓ. ਦਫ਼ਤਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ, ਸਾਰੇ ਬੀ ਡੀ ਪੀ ਓ ਦਫ਼ਤਰ 2 ਅਤੇ 3 ਅਕਤੂਬਰ ਦੀਆਂ ਛੁੱਟੀਆਂ ਨੂੰ ਐਨ ਓ ਸੀ ਅਤੇ ਐਨ ਡੀ ਸੀ ਜਾਰੀ ਕਰਨ ਲਈ ਖੁੱਲ੍ਹੇ ਰੱਖੇ ਗਏ। ਇਸ ਤੋਂ ਇਲਾਵਾ ਐਸ.ਡੀ.ਐਮਜ਼ ਵੱਲੋਂ ਪੋਲਿੰਗ ਕਰਮੀਆਂ ਦੀ ਸਿਖਲਾਈ ਲਈ ਮਿਤੀਆਂ ਅਤੇ ਸਥਾਨਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਡੀ ਸੀ ਨੇ ਅੱਗੇ ਦੱਸਿਆ ਕਿ ਡੀ.ਡੀ.ਪੀ.ਓ. ਬਲਜਿੰਦਰ ਸਿੰਘ ਨੂੰ ਪੰਚਾਇਤੀ ਚੋਣਾਂ ਸਬੰਧੀ ਸ਼ਿਕਾਇਤਾਂ ਲਈ ਨੋਡਲ ਅਫ਼ਸਰ, ਜ਼ਿਲ੍ਹਾ ਕੰਟਰੋਲ ਰੂਮ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਦਿਨੇ 9 ਤੋਂ 5 ਵਜੇ ਤੱਕ ਸੰਪਰਕ ਨੰਬਰ 0172-2219250 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਸ ਐਸ ਪੀ ਦੀਪਕ ਪਾਰੀਕ ਨੇ ਚੋਣ ਅਬਜ਼ਰਵਰ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਰ.ਓ ਦਫ਼ਤਰਾਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸੁਰੱਖਿਆ ਪ੍ਰਬੰਧਾਂ ਦੇ ਹੋਰ ਵੇਰਵੇ ਵੀ ਸਾਂਝੇ ਕੀਤੇ।
ਚੋਣ ਅਬਜ਼ਰਵਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਅਮਨ-ਸ਼ਾਂਤੀ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਜ਼ਾਬਤੇ ਦੀ ਪਾਲਣਾ ਕਰਨ ਤੋਂ ਇਲਾਵਾ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਚੋਣਾਂ ਸਬੰਧੀ ਕਿਸੇ ਵੀ ਸ਼ਿਕਾਇਤ ਸਬੰਧੀ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਨਾਈਪਰ ਰੈਸਟ ਹਾਊਸ, ਸੈਕਟਰ 67, ਮੁਹਾਲੀ ਵਿਖੇ ਸੰਪਰਕ ਕਰ ਸਕਦ ਹੈ। ਉਨ੍ਹਾਂ ਨਾਲ ਮੋਬਾਈਲ ਨੰਬਰ 98556-72443 ਅਤੇ 98140-11984 ਤੋਂ ਇਲਾਵਾ ਈਮੇਲ ਆਈਡੀ Electionobserverpanchayatmhl@gamil.com ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਡੀ ਸੀ (ਡੀ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ (ਪੰਚਾਇਤੀ ਚੋਣਾਂ) ਸੋਨਮ ਚੌਧਰੀ, ਸੀ ਐਮ ਐਫ ਓ ਦੀਪਾਂਕਰ ਗਰਗ ਅਤੇ ਚੋਣ ਅਬਜ਼ਰਵਰ ਦੇ ਐਲ ਓ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼ਿਵਪ੍ਰੀਤ ਸਿੰਘ ਸ਼ਾਮਲ ਸਨ।
ਬਾਅਦ ਵਿੱਚ ਚੋਣ ਅਬਜ਼ਰਵਰ ਨੇ ਨਗਰ ਨਿਗਮ ਦਫ਼ਤਰ ਮੁਹਾਲੀ ਅਤੇ ਮੁਬਾਰਕਪੁਰ (ਡੇਰਾਬੱਸੀ) ਵਿਖੇ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦਾ ਦੌਰਾ ਕੀਤਾ ਅਤੇ ਆਰ.ਓਜ਼ ਨਾਲ ਗੱਲਬਾਤ ਕੀਤੀ।