Meta ਦੀ ਵੱਡੀ ਕਾਰਵਾਈ; ਡਿਲੀਟ ਕੀਤੇ 7 ਲੱਖ ਤੋਂ ਵੱਧ ਅਕਾਊਂਟ
ਨਵੀ ਦਿੱਲੀ, 13 ਅਗਸਤ (ਵਿਸ਼ਵ ਵਾਰਤਾ): ਫ਼ੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ (Meta) ਨੇ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਮੈਟਾ ਮੁਤਾਬਕ, ਉਸ ਨੇ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਨਾਲ ਜੁੜੇ ਹੋਣ ਦੇ ਸ਼ੱਕ ਵਾਲੇ 7 ਲੱਖ ਤੋਂ ਵੱਧ ਅਕਾਊਂਟ ਹਟਾ ਦਿੱਤੇ ਹਨ।
ਮੈਟਾ ਦੇ ਅਧਿਕਾਰਤ ਬਿਆਨ ਮੁਤਾਬਕ, ਦਸੰਬਰ ਤੋਂ ਜੂਨ ਤੱਕ ਦੇ ਛੇ ਮਹੀਨਿਆਂ ਵਿੱਚ ਆਸਟ੍ਰੇਲੀਆਈ ਸੋਸ਼ਲ ਮੀਡੀਆ ਬੈਨ ਲਾਗੂ ਹੋਣ ਤੋਂ ਠੀਕ ਪਹਿਲਾਂ ਕੰਪਨੀ ਨੇ 4 ਲੱਖ 62 ਹਜ਼ਾਰ ਸ਼ੱਕੀ ਇੰਸਟਾਗ੍ਰਾਮ ਅਕਾਊਂਟ ਅਤੇ 2 ਲੱਖ 94 ਹਜ਼ਾਰ ਸ਼ੱਕੀ ਫ਼ੇਸਬੁੱਕ ਅਕਾਊਂਟ ਡੀਐਕਟੀਵੇਟ ਕਰ ਦਿੱਤੇ ਸਨ। ਜਨਵਰੀ ਤੱਕ ਦੀ ਮਿਆਦ ਵਿੱਚ ਇਹ ਗਿਣਤੀ ਇੰਸਟਾਗ੍ਰਾਮ ‘ਤੇ 3 ਲੱਖ 31 ਹਜ਼ਾਰ ਅਤੇ ਫ਼ੇਸਬੁੱਕ ‘ਤੇ 1 ਲੱਖ 73 ਹਜ਼ਾਰ ਅਕਾਊਂਟਾਂ ਤੱਕ ਪਹੁੰਚ ਗਈ ਸੀ। ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਅਕਾਊਂਟ ਉਨ੍ਹਾਂ ਵਰਤੋਂਕਾਰਾਂ ਦੇ ਸਨ, ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਹੋਣ ਦਾ ਸ਼ੱਕ ਸੀ।
ਦੱਸ ਦੇਈਏ ਕਿ ਮੈਟਾ ਵੱਲੋਂ ਇਹ ਕਦਮ ਉਸ ਇਤਿਹਾਸਕ ਕਾਨੂੰਨ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਨੂੰ ਆਸਟ੍ਰੇਲੀਆਈ ਸਰਕਾਰ ਨੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਦੇ ਚੱਲਦਿਆਂ ਪਾਸ ਕੀਤਾ ਸੀ। ਇਹ ਕਾਨੂੰਨ 10 ਦਸੰਬਰ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ। ਇਸ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫ਼ੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ ਅਤੇ ਹੋਰ ਮੁੱਖ ਪਲੇਟਫ਼ਾਰਮਾਂ ‘ਤੇ ਅਕਾਊਂਟ ਰੱਖਣ ਦੀ ਮਨਾਹੀ ਹੈ।
ਮੈਟਾ ਨੇ ਦੱਸਿਆ ਹੈ ਕਿ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਚਲਾਏ ਜਾਣ ਵਾਲੇ ਅਕਾਊਂਟਾਂ ਦੀ ਪਛਾਣ ਕਰਨ ਲਈ ਏ.ਆਈ. ਦੀ ਵਰਤੋਂ ਕਰ ਰਿਹਾ ਹੈ। ਇਸ ਦੇ ਲਈ ਕੰਪਨੀ ਸਿਰਫ਼ ਵਰਤੋਂਕਾਰਾਂ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਤੱਕ ਹੀ ਸੀਮਤ ਨਹੀਂ ਹੈ। ਉਸ ਦੇ ਸਿਸਟਮ ਪ੍ਰੋਫ਼ਾਈਲ ਅਤੇ ਵਰਤੋਂਕਾਰ ਦੀ ਗਤੀਵਿਧੀ ਨੂੰ ਵੀ ਟ੍ਰੈਕ ਕਰਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























