ਪਟਿਆਲਾ ਵਿਖੇ ਭਾਜਪਾ ਦੀ ਭਾਰੀ ਸੰਗਠਨਾਤਮਕ ਮੀਟਿੰਗ, ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ. ਐੱਲ. ਸੰਤੋਸ਼ ਨੇ ਵਰਕਰਾਂ ਨਾਲ ਕੀਤੀ ਵਿਸਥਾਰਪੂਰਵਕ ਚਰਚਾ
ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਪਹੁੰਚਣ ਤੇ ਬੀ. ਐੱਲ. ਸੰਤੋਸ਼ ਦਾ ਕੀਤਾ ਨਿੱਘਾ ਸਵਾਗਤ
ਸ਼੍ਰੀ ਬੀ. ਐੱਲ. ਸੰਤੋਸ਼ ਜੀ ਦੀ ਰਣਨੀਤੀ ਨਾਲ ਹੋਰ ਮਜ਼ਬੂਤੀ ਨਾਲ ਕੰਮ ਕਰਨਗੇ ਵਰਕਰ: ਪ੍ਰਨੀਤ ਕੌਰ

ਪਟਿਆਲਾ 24 ਅਗਸਤ 2026 (ਵਿਸ਼ਵ ਵਾਰਤਾ):-ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪਟਿਆਲਾ ਵਿਖੇ ਇੱਕ ਵਿਸ਼ਾਲ ਸੰਗਠਨਾਤਮਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ. ਐੱਲ. ਸੰਤੋਸ਼ ਉਚੇਚੇ ਤੌਰ ‘ਤੇ ਪਹੁੰਚੇ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਵਿਚਾਰ-ਵਟਾਂਦਰਾ ਕੀਤਾ।
ਪਟਿਆਲਾ ਪਹੁੰਚਣ ‘ਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਭਾਜਪਾ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਵੱਲੋਂ ਸ਼੍ਰੀ ਬੀ. ਐੱਲ. ਸੰਤੋਸ਼ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੀਟਿੰਗ ‘ਚ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਪ੍ਰਭਾਰੀ ਨਰਿੰਦਰ ਰੈਣਾ, ਪੰਜਾਬ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸੁਲੂ, ਸੂਬਾ ਜਨਰਲ ਸਕੱਤਰ ਅਨੀਲ ਸਰੀਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ।
ਸੰਗਠਨ ਦੀ ਮਜ਼ਬੂਤੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ
ਮੀਟਿੰਗ ਦੌਰਾਨ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ. ਐੱਲ. ਸੰਤੋਸ਼ ਨੇ ਜਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਤੋਂ ਸੰਗਠਨਾਤਮਕ ਗਤੀਵਿਧੀਆਂ ਦਾ ਵੇਰਵਾ ਲਿਆ। ਉਨ੍ਹਾਂ ਨੇ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰਿਆ ਅਤੇ ਪਾਰਟੀ ਦੇ ਆਧਾਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਨਿਰਦੇਸ਼ ਦਿੱਤੇ।
ਵਿਚਾਰ ਸਾਂਝੇ ਕਰਦਿਆਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਨਾਲ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਸ਼੍ਰੀ ਬੀ. ਐੱਲ. ਸੰਤੋਸ਼ ਜੀ ਦੁਆਰਾ ਦਿੱਤੀ ਗਈ ਰਣਨੀਤੀ ਨਾਲ ਵਰਕਰ ਹੋਰ ਮਜ਼ਬੂਤੀ ਨਾਲ ਕੰਮ ਕਰਨਗੇ ਅਤੇ 2027 ਵਿੱਚ ਪੰਜਾਬ ਅੰਦਰ ‘ਕਮਲ’ ਜ਼ਰੂਰ ਖਿਲੇਗਾ।
ਮੀਟਿੰਗ ਦੌਰਾਨ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਭਾਜਪਾ ਦੇ ਝੰਡੇ ਉਤਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ, ਝੰਡੇ ਅਤੇ ਫ਼ਲੈਕਸ ਲਗਾਉਣਾ ਹਰੇਕ ਰਾਜਨੀਤਿਕ ਦਲ ਦਾ ਅਧਿਕਾਰ ਹੈ। ਪ੍ਰੰਤੂ ਭਾਜਪਾ ਦੇ ਦਿਨੋ-ਦਿਨ ਵਧ ਰਹੇ ਅਧਾਰ ਅਤੇ ਜਨ-ਸਮਰਥਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾ ਗਈ ਹੈ ਅਤੇ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਪਟਿਆਲਾ ਕਾਰਪੋਰੇਸ਼ਨ ਅਤੇ ਪ੍ਰਸ਼ਾਸਨ ਦੀ ਇਹ ਕਾਰਵਾਈ ਲੋਕਤੰਤਰ ਦੇ ਖ਼ਿਲਾਫ਼ ਹੈ।”
ਪ੍ਰੋਗਰਾਮ ਦੇ ਅੰਤ ਵਿੱਚ ਸਾਬਕਾ ਸੰਸਦ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਵੱਲੋਂ ਮੀਟਿੰਗ ਵਿੱਚ ਪਹੁੰਚੇ ਸਾਰੇ ਰਾਸ਼ਟਰੀ, ਸੂਬਾ ਅਤੇ ਜਿਲ੍ਹਾ ਪੱਧਰੀ ਆਗੂਆਂ ਦੇ ਨਾਲ-ਨਾਲ ਵਰਕਰਾਂ ਦਾ ਧੰਨਵਾਦ ਕੀਤਾ ਗਿਆ।























