‘ਭਲਕੇ ਸੁਪਰੀਮ ਕੋਰਟ ਤੱਕ ਮਾਰਚ’- ਰਾਹੁਲ ਗਾਂਧੀ ਨੇ ਕੀਤਾ ਵੱਡਾ ਐਲਾਨ
ਨਵੀ ਦਿੱਲੀ, 11 ਅਕਤੂਬਰ 2026 (ਵਿਸ਼ਵ ਵਾਰਤਾ): ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੋਮਵਾਰ, 12 ਅਕਤੂਬਰ ਨੂੰ ਵਿਰੋਧੀ ਧਿਰ ਅਤੇ ਲੋਕਤੰਤਰ ਪੱਖੀ ਲੋਕ ਸੁਪਰੀਮ ਕੋਰਟ ਤੱਕ ਮਾਰਚ ਕਰਨਗੇ। ਰਾਹੁਲ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਹੋਏ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਪੁਲਿਸ ਅਤੇ ਭਾਜਪਾ ‘ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਨੇ ਵੋਟ ਚੋਰੀ ਰੋਕਣ, SIR ‘ਤੇ ਰੋਕ ਲਗਾਉਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਕੇ ਕਿਹਾ, ‘ਕੱਲ੍ਹ ਦਿੱਲੀ ਵਿੱਚ ਦੇਸ਼ ਦਾ ਨੌਜਵਾਨ ਸ਼ਾਂਤੀਪੂਰਨ ਵਿਰੋਧ ਲਈ ਸੜਕਾਂ ‘ਤੇ ਉਤਰਿਆ। ਉਨ੍ਹਾਂ ਦੇ ਦਿਲਾਂ ਵਿੱਚ ਨਫ਼ਰਤ ਜਾਂ ਗੁੱਸਾ ਨਹੀਂ, ਮੁਹੱਬਤ ਸੀ। ਪਰ ਉਨ੍ਹਾਂ ਨੂੰ ਕੁੱਟਿਆ ਗਿਆ।’ ਉਨ੍ਹਾਂ ਕਿਹਾ ਕਿ ਭਾਰਤ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ, ਜਿੱਥੇ ਸ਼ਾਂਤੀਪੂਰਨ ਵਿਰੋਧ ਕਰਨ ਵਾਲਿਆਂ ਨਾਲ ਅਜਿਹਾ ਵਿਵਹਾਰ ਹੋਵੇ।
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਹੋਣ ਵਾਲੇ ਮਾਰਚ ਵਿੱਚ ਸਾਰੇ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਭਾਰਤੀ ਹੋਣ ਦੇ ਨਾਤੇ ਸਾਰਿਆਂ ਨੂੰ ਪਾਰਟੀ, ਇਸਤਰੀ-ਪੁਰਸ਼, ਜਾਤੀ, ਭਾਈਚਾਰੇ ਅਤੇ ਰਾਜ ਦੀ ਹਰ ਦੀਵਾਰ ਤੋਂ ਉੱਪਰ ਉੱਠ ਕੇ ਇੱਕਠੇ ਹੋ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਦੇਸ਼ ਦਾ ਨੌਜਵਾਨ, ਸਮੁੱਚੀਆਂ ਵਿਰੋਧੀ ਪਾਰਟੀਆਂ, ਸਿਵਲ ਸੁਸਾਇਟੀ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਇਸ ਮਾਰਚ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਸੰਵਿਧਾਨ ਦੇ ਨਾਲ ਖੜ੍ਹੇ ਸਾਰੇ ਲੋਕਾਂ ਨੂੰ ਵੀ ਸਾਥ ਆਉਣ ਦਾ ਸੱਦਾ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























