Mansa : ਯੂ.ਪੀ.ਐਸ.ਸੀ ਦੀ ਪ੍ਰੀਖਿਆ ’ਚ ਛਾਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਦਾ ਕਸ਼ਿਸ਼ ਗੁਪਤਾ
ਪ੍ਰੀਖਿਆ ਵਿੱਚ ਦੇਸ਼ ਭਰ ’ਚੋਂ 587ਵਾਂ ਰੈਂਕ ਕੀਤਾ ਹਾਸਲ
ਮਾਨਸਾ, 22 ਅਪ੍ਰੈਲ(ਵਿਸਵ ਵਾਰਤਾ) Mansa : ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ੍ਹ ਦੇ ਕਸ਼ਿਸ਼ ਗੁਪਤਾ ਨੇ ਯੂ.ਪੀ.ਐਸ.ਸੀ ਪ੍ਰੀਖਿਆ ਵਿਚੋਂ ਦੇਸ਼ ਭਰ ’ਚੋਂ 587ਵਾਂ ਰੈਂਕ ਹਾਸਲ ਕੀਤਾ ਹੈ। ਇਹ ਪੁਜੀਸ਼ਨ ਹਾਸਲ ਕਰਨ ਵਾਲਾ ਕਸ਼ਿਸ਼ ਗੁਪਤਾ ਮਾਨਸਾ ਜ਼ਿਲ੍ਹਾ ਦਾ ਇਕਲੌਤਾ ਪ੍ਰੀਖਿਆਰਥੀ ਹੈ। ਹੁਣ ਉਹ ਸਿਵਲ ਸਰਵਿਸਜ਼ ਵਿੱਚ ਨੌਕਰੀ ਕਰੇਗਾ ਅਤੇ ਉਸਦੀ ਐਕਸਾਈਜ਼ ਵਿਭਾਗ ਵਿੱਚ ਨੌਕਰੀ ਕਰਨ ਦੀ ਪਹਿਲੀ ਇੱਛਾ ਹੈ।

ਕਸ਼ਿਸ਼ ਗੁਪਤਾ ਦੇ ਪਿਤਾ ਦੀ ਕਈ ਸਾਲ ਪਹਿਲਾਂ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਉਹ ਸਥਾਨਕ ਸਰਕਾਰ ਵਿਭਾਗ ਵਿੱਚ ਅਧਿਕਾਰੀ ਸਨ। ਕਸ਼ਿਸ ਗੁਪਤਾ ਦੇ ਮਾਤਾ ਰੰਜੂ ਗੁਪਤਾ ਜੋ ਪੇਸ਼ੇ ਵਜੋਂ ਡਾਕਟਰ ਹਨ ਅਤੇ ਦਾਦਾ ਰਾਜ ਕੁਮਾਰ ਜੋ ਸਿਹਤ ਵਿਭਾਗ ’ਚੋਂ ਸੇਵਾ ਮੁਕਤ ਹੋਏ ਉਚ ਅਧਿਕਾਰੀ ਹਨ ਅਤੇ ਉਹ ਕਮਿਊਨਿਸਟ ਵਿਚਾਰਧਾਰਾ ਨੂੰ ਤਰਜ਼ੀਹ ਦੇਣ ਵਾਲੇ ਮੁਲਾਜ਼ਮ ਆਗੂ ਰਹੇ ਹਨ।
ਕਸ਼ਿਸ ਗੁਪਤਾ ਨੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਬਾਲ ਵਾਟਿਕਾ ਸਕੂਲ ਟਿੱਬੀ ਹਰੀ ਸਿੰਘ ਵਾਲਾ ਵਿਖੇ ਕੀਤੀ। ਉਸ ਵੱਲੋਂ ਦਿੱਲੀ ਯੂਨੀਵਰਸਿਟੀ ਤੋਂ ਬੀ.ਏ ਦੀ ਪੜ੍ਹਾਈ ਕਰਨ ਤੋਂ ਬਾਅਦ, ਉਥੇ ਰਹਿਕੇ ਹੀ ਕਰੀਬ ਪੰਜ ਵਰ੍ਹੇ ਲਗਨ ਨਾਲ ਇਸ ਪ੍ਰੀਖਿਆ ਦੀ ਤਿਆਰੀ ਕੀਤੀ। ਕਸ਼ਿਸ ਗੁਪਤਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਇਹ ਪ੍ਰੀਖਿਆ ਪਾਸ ਕਰਨ ਦਾ ਇਰਾਦਾ ਅਤੇ ਸਕੰਲਪ ਲੈ ਲਿਆ ਸੀ, ਜਿਸ ਵਿੱਚ ਉਸਨੇ ਨਿਰੰਤਰ ਮਿਹਨਤ ਕੀਤੀ।ਉਸਦਾ ਕਹਿਣਾ ਹੈ ਕਿ ਇਸ ਮਿਹਨਤ ਪਿੱਛੇ ਉਸਦੇ ਪਰਿਵਾਰ ਅਤੇ ਆਪਣੇ ਅੰਦਰ ਇਹ ਪ੍ਰੀਖਿਆ ਪਾਸ ਕਰਨ ਦਾ ਮਜ਼ਬੂਤ ਇਰਾਦਾ ਸੀ।
ਅੱਜ ਜਦੋਂ ਉਹ ਇਸ ਵਿਚੋਂ ਸਫ਼ਲ ਹੋਇਆ ਹੈ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਕਸ਼ਿਸ ਗੁਪਤਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪੜ੍ਹਾਈ ਕਰਨ ਲਈ ਨੌਜ਼ਵਾਨਾਂ ਅੰਦਰ ਜ਼ਜਬਾ ਅਤੇ ਸਹਿਣਸ਼ੀਲਤਾ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਅਕੇਵੇਂ ਅਤੇ ਅੱਕੇ ਤੇ ਥੱਕੇ ਬਿਨਾਂ ਉਸ ਅੰਦਰਲੀ ਸਹਿਣਸ਼ੀਲਤਾ ਉਸ ਨੂੰ ਇੱਥੋਂ ਲੈਕੇ ਆਈ ਹੈ। ਉਸਨੇ ਕਿਹਾ ਕਿ ਉਹ ਆਬਕਾਰੀ ਮਹਿਕਮੇ ਵਿੱਚ ਬਤੌਰ ਅਫ਼ਸਰ ਨੌਕਰੀ ਕਰਨਾ ਚਾਹੁੰਦਾ ਹੈ, ਬਾਕੀ ਉਸਨੂੰ ਮਿਲੀ ਟਰੇਨਿੰਗ ਅਤੇ ਸਮੇਂ ’ਤੇ ਨਿਰਭਰ ਕਰਦਾ ਹੈ। ਕਸ਼ਿਸ ਗੁਪਤਾ ਦੇ ਦਾਦਾ ਰਾਜ ਕੁਮਾਰ ਦਾ ਕਹਿਣਾ ਹੈ ਕਿ ਬੇਸ਼ੱਕ ਮਾਨਸਾ ਨੂੰ ਪਛੜੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਪਰ ਇੱਥੋਂ ਦੇ ਜੰਮ-ਜਾਇਆਂ ਵਿੱਚ ਜੋ ਹੁਨਰ,ਮਿਹਨਤ ਅਤੇ ਜ਼ਜਬਾ ਹੈ, ਉਸਨੇ ਹਮੇਸ਼ਾ ਰੰਗ ਲਿਆਂਦਾ ਹੈ।
ਕਸ਼ਿਸ ਗੁਪਤਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਉਸਨੂੰ ਵਧਾਈ ਦਿੱਤੀ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਸ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਸ਼ਿਸ ਗੁਪਤਾ ਨੂੰ ਵਧਾਈ ਸੁਨੇਹਾ ਭੇਜਿਆ ਹੈ। ਵਿਧਾਇਕ ਨੇ ਕਿਹਾ ਕਿ ਉਹ ਕਸ਼ਿਸ ਗੁਪਤਾ ਦੇ ਘਰ ਜਾਕੇ ਵੀ ਉਸਨੂੰ ਮੁਬਾਰਕਾਂ ਦੇਣਗੇ। ਕਸ਼ਿਸ ਨੇ ਦੇਸ਼ ਭਰ ਵਿੱਚ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿੱਚ ਉਚਾ ਰੈਂਕ ਲੈਕੇ ਸਰਦੂਲਗੜ੍ਹ ਦਾ ਨਾਮ ਰੋਸ਼ਨ ਕੀਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























