Mansa Accident: ਸਕੂਲ ਜਾ ਰਹੀਆਂ 2 ਮਾਸੂਮ ਬੱਚੀਆਂ ਨੂੰ ਸਰਕਾਰੀ ਬੱਸ ਨੇ ਕੁਚਲਿਆ
– ਦੋਵਾਂ ਦੀ ਮੌਕੇ ‘ਤੇ ਮੌਤ
ਮਾਨਸਾ, 18 ਅਕਤੂਬਰ 2025 (ਵਿਸ਼ਵ ਵਾਰਤਾ) : ਮਾਨਸਾ ਵਿੱਚ ਸ਼ਨੀਵਾਰ ਸਵੇਰੇ ਸਕੂਲ ਜਾਂਦੇ ਸਮੇਂ ਤਿੰਨ ਬੱਚਿਆਂ ਅਤੇ ਉਨ੍ਹਾਂ ਦੇ ਪਿਤਾ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਕੁਚਲ ਦਿੱਤਾ। ਹਾਦਸੇ ‘ਚ ਦੋ ਭੈਣਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਤਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੀਮਾ ਰਾਣੀ (8) ਅਤੇ ਮੀਨਾ ਰਾਣੀ (14) ਵਾਸੀ ਝੁਨੀਰ, ਮਾਨਸਾ ਵਜੋਂ ਹੋਈ ਹੈ, ਜਦੋਂ ਕਿ ਉਨ੍ਹਾਂ ਦੇ ਪਿਤਾ ਬਿੰਦਰ ਰਾਮ ਅਤੇ ਭਰਾ ਜੱਸੀ ਗੰਭੀਰ ਜ਼ਖਮੀ ਹੋ ਗਏ।
ਸੀਮਾ ਤੀਜੀ ਜਮਾਤ ਵਿੱਚ ਪੜਦੀ ਸੀ, ਜਦੋਂ ਕਿ ਮੀਨਾ ਸੱਤਵੀਂ ਜਮਾਤ ਵਿੱਚ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਤਾ ਅਤੇ ਭਰਾ ਆਪਣੀ ਸਕੂਟਰੀ ‘ਤੇ ਬੱਚਿਆਂ ਨੂੰ ਛੱਡਣ ਜਾ ਰਹੇ ਸਨ ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਰੋਡਵੇਜ਼ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ।























