Maharashtra ਦੀ ਰਾਜਨੀਤੀ ‘ਚ ਵੱਡਾ ਫੇਰਬਦਲ: ਸੁਨੇਤਰਾ ਪਵਾਰ ਨੂੰ ਸੌਪੀ ਗਈ ਇਨ੍ਹਾਂ ਵਿਭਾਗਾਂ ਦੀ ਜ਼ਿੰਮੇਵਾਰੀ
– ਨਹੀਂ ਮਿਲਿਆ ਵਿੱਤ ਮੰਤਰਾਲਾ
ਨਵੀ ਦਿੱਲੀ, 31 ਜਨਵਰੀ 2026 (ਵਿਸ਼ਵ ਵਾਰਤਾ) – ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਅੱਜ ਇੱਕ ਵੱਡਾ ਫੇਰਬਦਲ ਹੋਇਆ। ਮਰਹੂਮ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਸ਼ਨੀਵਾਰ ਨੂੰ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣੀ। ਰਾਜਪਾਲ ਆਚਾਰੀਆ ਦੇਵਵ੍ਰਤ ਨੇ ਉਨ੍ਹਾਂ ਨੂੰ ਲੋਕ ਭਵਨ ਵਿੱਚ ਸਹੁੰ ਚੁਕਾਈ। ਇਸ ਦੌਰਾਨ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਸਾਰੇ ਸੀਨੀਅਰ ਐਨਸੀਪੀ ਅਤੇ ਭਾਜਪਾ ਨੇਤਾ ਅਤੇ ਮੰਤਰੀ ਲੋਕ ਭਵਨ ਵਿੱਚ ਮੌਜੂਦ ਸਨ। ਸਹੁੰ ਚੁੱਕ ਸਮਾਗਮ ਤੋਂ ਬਾਅਦ ਸਭ ਤੋਂ ਵੱਧ ਚਰਚਾ ਵਾਲਾ ਵਿਸ਼ਾ ਇਹ ਸੀ ਕਿ ਸੁਨੇਤਰਾ ਨੂੰ ਕਿਹੜੇ – ਕਿਹੜੇ ਵਿਭਾਗ ਮਿਲਣਗੇ।
ਸਰਕਾਰ ਨੇ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਹੈ। ਸਰਕਾਰੀ ਪੱਤਰ ਅਨੁਸਾਰ, ਸੁਨੇਤਰਾ ਪਵਾਰ ਨੂੰ ਰਾਜ ਆਬਕਾਰੀ (ਐਕਸਾਈਜ਼), ਖੇਡਾਂ ਅਤੇ ਯੁਵਕ ਭਲਾਈ ਅਤੇ ਘੱਟ ਗਿਣਤੀ ਵਿਕਾਸ ਤੇ ਵਕਫ਼ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਭਾਗ ਪ੍ਰਸ਼ਾਸਨਿਕ ਤੌਰ ‘ਤੇ ਮਹੱਤਵਪੂਰਨ ਤਾਂ ਹਨ, ਪਰ ਵਿੱਤ ਮੰਤਰਾਲੇ ਜਿੰਨੇ ਪ੍ਰਭਾਵਸ਼ਾਲੀ ਨਹੀਂ ਮੰਨੇ ਜਾਂਦੇ।
ਮੰਤਰਾਲਿਆਂ ਦੀ ਵੰਡ ਦੇ ਅਨੁਸਾਰ, ਵਿੱਤ ਵਿਭਾਗ ਜੋ ਪਹਿਲਾਂ ਅਜੀਤ ਪਵਾਰ ਕੋਲ ਸੀ ਹੁਣ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸੰਭਾਲਣਗੇ। ਉਨ੍ਹਾਂ ਕੋਲ ਯੋਜਨਾ ਵਿਭਾਗ ਵੀ ਰਹੇਗਾ। ਤਿੰਨ ਦਿਨ ਪਹਿਲਾਂ 28 ਜਨਵਰੀ ਨੂੰ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਅਜੀਤ ਪਵਾਰ ਦੀ ਮੌਤ ਹੋ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























