Ludhiana West ‘ਚ ਕੌਣ ਬੈਸਟ? ਅੱਜ ਹੋਵੇਗਾ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
– 14 ਗੇੜਾਂ ਵਿੱਚ ਹੋਵੇਗੀ ਵੋਟਾਂ ਦੀ ਗਿਣਤੀ

ਲੁਧਿਆਣਾ, 23 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਪੱਛਮੀ (Ludhiana West) ਵਿਧਾਨ ਸਭਾ ਸੀਟ ਦੇ ਨਤੀਜੇ ਅੱਜ (23 ਜੂਨ) ਐਲਾਨੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਵੇਗੀ। ਪਹਿਲਾ ਰੁਝਾਨ ਸਵੇਰੇ 10 ਵਜੇ ਤੱਕ ਆਉਣ ਦੀ ਉਮੀਦ ਹੈ।
ਦੱਸ ਦਈਏ ਕਿ ਬੀਤੀ 19 ਜੂਨ ਨੂੰ ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ। ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਕੁਲ 51.33% ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ।
ਵੋਟਾਂ ਦੀ ਗਿਣਤੀ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪੋਸਟਲ ਬੈਲਟ ਅਤੇ ਈਵੀਐਮ ਦੀ ਗਿਣਤੀ ਚੋਣ ਨਿਗਰਾਨਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਹੋਵੇਗੀ। ਗਿਣਤੀ ਕੇਂਦਰਾਂ ‘ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਅਤੇ ਹਰ ਗਤੀਵਿਧੀ ‘ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਸੀਟ ਜਿੱਤੀ ਸੀ। ਪਰ ਕੁਝ ਸਮਾਂ ਪਹਿਲਾਂ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਇਸ ਵਾਰ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਹਨ ਪਰ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਹੈ।
‘ਆਪ’ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਇੱਥੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ 2012 ਅਤੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਅਕਾਲੀ ਦਲ ਵੱਲੋਂ ਐਡਵੋਕੇਟ ਪਰੋਪਕਾਰ ਸਿੰਘ ਘੁੰਮਣ ਉਮੀਦਵਾਰ ਹਨ। ਇਸ ਦੇ ਨਾਲ ਹੀ ਭਾਜਪਾ ਨੇ ਇੱਥੋਂ ਜੀਵਨ ਗੁਪਤਾ ਨੂੰ ਟਿਕਟ ਦਿੱਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















