Ludhiana West by-election: ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਪਰਿਵਾਰ ਸਮੇਤ ਪਾਈ ਵੋਟ
“ਹਰ ਇੱਕ ਵੋਟ ਮਾਇਨੇ ਰੱਖਦੀ ਹੈ”- ਸੰਜੀਵ ਅਰੋੜਾ

ਲੁਧਿਆਣਾ, 19 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਪੱਛਮੀ ਜ਼ਿਮਨੀ ਚੋਣ (Ludhiana West by-election) ਲਈ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਉਪ-ਚੋਣ ਲਈ ‘ਆਪ’ ਉਮੀਦਵਾਰ ਸੰਜੀਵ ਅਰੋੜਾ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪੁੱਜੇ।

ਇਸ ਮੌਕੇ ਉਨਾਂ ਕਿਹਾ ਕਿ “ਅੱਜ ਆਪਣੇ ਪਰਿਵਾਰ ਦੇ ਨਾਲ ਸਥਾਨਕ ਵੋਟਿੰਗ ਬੂਥ ‘ਤੇ ਜਾ ਕੇ ਆਪਣੇ ਲੋਕਤੰਤਰਕ ਹੱਕ ਦੀ ਵਰਤੋਂ ਕੀਤੀ। ਹਰ ਇੱਕ ਵੋਟ ਮਾਇਨੇ ਰੱਖਦੀ ਹੈ। ਅਸੀਂ ਆਪਣੀ ਵੋਟ ਇੱਕ ਮਜ਼ਬੂਤ,ਸਥਿਰ ਅਤੇ ਤਰੱਕੀਸ਼ੀਲ ਲੁਧਿਆਣਾ ਲਈ ਪਾਈ ਹੈ। ਆਓ ਅਸੀਂ ਸਾਰੇ ਮਿਲ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਈਏ ਤੇ ਆਪਣੇ ਸ਼ਹਿਰ ਦੇ ਵਿਕਾਸ ਨੂੰ ਚੌਗੁਣੀ ਤਰੱਕੀ ਦਈਏ। ਘਰੋਂ ਨਿਕਲੋ, ਵੋਟ ਪਾਓ — ਤੁਹਾਡੀ ਵੋਟ ਤੁਹਾਡੀ ਆਵਾਜ਼ ਵੀ ਹੈ, ਤੁਹਾਡਾ ਭਵਿੱਖ ਹੈ।”
ਦੱਸ ਦਈਏ ਕਿ ਇਸ ਹਲਕੇ ਵਿੱਚ ਕੁੱਲ 1,75,469 ਵੋਟਰ ਹਨ, ਜਿਨ੍ਹਾਂ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।ਵੋਟਿੰਗ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪੋਲਿੰਗ ਬੂਥਾਂ ‘ਤੇ ਮੋਬਾਈਲ ਡਿਪਾਜ਼ਿਟ ਅਤੇ ਸੀਸੀਟੀਵੀ ਨਿਗਰਾਨੀ ਦੇ ਪ੍ਰਬੰਧ ਕੀਤੇ ਹਨ। ਕੁੱਲ 235 ਕੈਮਰੇ ਲਗਾਏ ਗਏ ਹਨ। ਪੂਰੀ ਚੋਣ ਦੀ ਨਿਗਰਾਨੀ ਏਕੀਕ੍ਰਿਤ ਕਮਾਂਡ ਕੰਟਰੋਲ ਸੈਂਟਰ ਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ 776 ਸਰਕਾਰੀ ਕਰਮਚਾਰੀਆਂ, ਜਿਨ੍ਹਾਂ ਵਿੱਚ ਕੇਂਦਰੀ ਅਤੇ ਰਾਜ ਕਰਮਚਾਰੀ, ਬੈਂਕ ਅਤੇ ਜਨਤਕ ਖੇਤਰ ਦੇ ਅਧਿਕਾਰੀ ਸ਼ਾਮਲ ਹਨ, ਨੂੰ ਡਿਊਟੀ ‘ਤੇ ਲਗਾਇਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























