Ludhiana News: ਲੋਕ ਰੰਗ ਦੀ ਆਸਾਨ ਸ਼ਾਇਰੀ ਨੌਜਵਾਨ ਪੀੜ੍ਹੀ ਨੂੰ ਗੰਭੀਰ ਸਾਹਿੱਤ ਵੱਲ ਲਾਜ਼ਮੀ ਮੋੜੇਗੀ – ਪ੍ਰੋ.ਗੁਰਭਜਨ ਸਿੰਘ ਗਿੱਲ
ਲੁਧਿਆਣਾ 2 ਅਕਤੂਬਰ (ਵਿਸ਼ਵ ਵਾਰਤਾ):- ਲੋਕ ਰੰਗ ਦੀ ਆਸਾਨ ਸ਼ਾਇਰੀ ਨੌਜਵਾਨ ਪੀੜ੍ਹੀ ਨੂੰ ਗੰਭੀਰ ਸਾਹਿੱਤ ਵੱਲ ਲਾਜ਼ਮੀ ਮੋੜੇਗੀ। ਇਹ ਵਿਚਾਰ ਉੱਘੇ ਨੌਜਵਾਨ ਗੀਤਕਾਰ ਤੇ ਸੱਜਰੇ ਅਹਿਸਾਸ ਦੇ ਕਵੀ ਸੰਦੀਪ ਸਿੰਘ ਸੋਨੀ ਠੁੱਲ੍ਹੇਵਾਲ ਦੀ ਪਲੇਠੀ ਕਾਵਿ ਪੁਸਤਕ “ ਹੁਣ ਤੂੰ ਮੈਨੂੰ ਮਿਲੀਂ ਨਾ” ਪ੍ਰਾਪਤ ਕਰਦਿਆਂ ਕਹੇ। ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ “ਰਾਣੀ ਤੱਤ” ਵਾਲੇ ਹਰਮਨਪ੍ਰੀਤ ਦੀ ਪੁਸਤਕ ਪ੍ਰਕਾਸ਼ਿਤ ਹੋਣ ਉਪਰੰਤ ਨੌਜਵਾਨ ਕਵੀਆਂ ਵਿੱਚ ਸਿਰਜਣਾ ਦਾ ਅਥਾਹ ਪ੍ਰਵਾਹ ਚੱਲਿਆ ਹੈ। ਇਸ ਵਿੱਚ ਸੋਸ਼ਲ ਮੀਡੀਆ ਅਤੇ ਲੋਕ ਗਾਇਕਾਂ ਵੱਲੋਂ ਨੌਜਵਾਨ ਲੇਖਕਾਂ ਨੂੰ ਪ੍ਰੇਰਤ ਕਰਨ ਦਾ ਵੀ ਵੱਡਾ ਹਿੱਸਾ ਹੈ। ਪੁਲਾਂਘ ਪ੍ਰਕਾਸ਼ਨ ਬਰਨਾਲਾ ਵੱਲੋ ਪ੍ਰਕਾਸ਼ਤ ਇਸ ਕਾਵਿ ਪੁਸਤਕ ਦਾ ਬਾਬਾ ਫ਼ਰੀਦ ਮੇਲੇ ਤੇ ਲੋਕ ਗਾਇਕ ਕੰਵਰ ਗਰੇਵਾਲ ਵੱਲੋਂ ਲੋਕ ਅਰਪਨ ਕਰਨ ਤੋਂ ਬਾਦ ਇਸ ਕਾਵਿ ਪੁਸਤਕ ਦਾ ਪਹਿਲਾ ਸੰਸਕਰਨ ਲਗ ਪਗ ਇੱਕ ਹਜ਼ਾਰ ਕਾਪੀਆਂ ਪੂਰਾ ਵਿਕ ਗਿਆ ਹੈ। ਇਹ ਗੱਲ ਪ੍ਰਕਾਸ਼ਕ ਪਵਨ ਪਰਿੰਦਾ ਬਰਨਾਲਾ ਨੇ ਦੱਸੀ ਹੈ।
ਸੋਨੀ ਠੁੱਲ੍ਹੇਵਾਲ ਨੇ ਦੱਸਿਆ ਕਿ ਉਸਦੇ ਲਿਖੇ ਗੀਤ ਕੰਵਰ ਗਰੇਵਾਲ, ਜੀ ਖ਼ਾਨ ਤੇ ਸਿਕੰਦਰ ਸਲੀਮ ਤੇ ਹੋਰ ਕਈ ਨਾਮਵਰ ਗਵੱਈਆਂ ਨੇ ਗਾਏ ਹਨ। ਫ਼ਿਲਮ ਫੋਟੋਗ੍ਰਾਫ਼ੀ ਤੇ ਕੋਰੀਉਗਰਾਫ਼ੀ ਵਿੱਚ ਨਾਮਵਰ ਇਸ ਸ਼ਾਇਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕਿਰਤ ਦੇ ਨਾਲ ਨਾਲ ਸੰਗੀਤ ਤੇ ਸ਼ਬਦ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਗੌਰਮਿੰਟ ਕਾਲਿਜ ਮਲੇਰਕੋਟਲਾ ਤੋਂ ਗਰੈਜੂਏਸ਼ਨ ਕਰਕੇ ਉਹ ਮੋਹਾਲੀ ਰਹਿਣ ਲੱਗ ਪਿਆ ਹੈ।
ਸੋਨੀ ਠੁੱਲ੍ਹੇਵਾਲ ਦੇ ਨਿਕਟਵਰਤੀ ਮਿੱਤਰ ਰਘਬੀਰ ਸਿੰਘ ਜੱਗਾ ਨੇ ਦੱਸਿਆ ਕਿ ਇਸ ਕਾਵਿ ਪੁਸਤਕ ਬਾਰੇ ਪੰਜਾਬੀ ਭਵਨ ਲੁਧਿਆਣਾ ਵਿੱਚ 4ਅਕਤੂਬਰ ਸਵੇਰੇ ਦਸ ਵਜੇ ਸਮਾਗਮ ਕਰਵਾਇਆ ਜਾ ਰਿਹਾ ਹੈ।