ਲੁਧਿਆਣਾ ‘ਚ ਮਹਿਲਾ ਬੈਂਕ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ
– ਇਸ ਹਾਲਤ ‘ਚ ਮਿਲੀ ਲਾਸ਼
ਲੁਧਿਆਣਾ, 30 ਅਗਸਤ 2026 (ਵਿਸ਼ਵ ਵਾਰਤਾ): ਲੁਧਿਆਣਾ ਵਿੱਚ ਇੱਕ ਮਹਿਲਾ ਬੈਂਕ ਕਰਮਚਾਰੀ ਨੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਘਰ ਦੇ ਅੰਦਰ ਪੱਖੇ ਨਾਲ ਲਟਕਦੀ ਮਿਲੀ। ਘਟਨਾ ਦੁਗਰੀ ਸਥਿਤ ਹਿੰਮਤ ਸਿੰਘ ਨਗਰ ਦੀ ਹੈ, ਮ੍ਰਿਤਕਾ ਦੀ ਪਛਾਣ ਸਾਖਸ਼ੀ (33) ਦੇ ਰੂਪ ਵਿੱਚ ਹੋਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਸ਼ਾਮ 7 ਵਜੇ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ, ਸਾਖਸ਼ੀ ਅਤੇ ਉਸ ਦਾ ਪਤੀ ਨਰਿੰਦਰ ਸਿੰਘ ਦੋਵੇਂ ਹੀ ਬੈਂਕਿੰਗ ਲਾਈਨ ਵਿੱਚ ਕੰਮ ਕਰਦੇ ਸਨ। ਦੋਵਾਂ ਦਾ ਵਿਆਹ ਨਵੰਬਰ 2016 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ 5 ਸਾਲ ਦਾ ਬੇਟਾ ਵੀ ਹੈ। ਪਰਿਵਾਰ ਇੱਥੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕਾ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚ ਗਏ। ਪਰਿਵਾਰ ਵਾਲਿਆਂ ਨੇ ਮ੍ਰਿਤਕਾ ਦੇ ਪਤੀ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ ਆਏ ਦਿਨ ਧੀ ਨਾਲ ਲੜਾਈ-ਝਗੜਾ ਕਰਦਾ ਸੀ ਅਤੇ ਉਸ ਨੂੰ ਪਰੇਸ਼ਾਨ ਕਰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਪਤੀ ਦੀ ਰੋਜ਼-ਰੋਜ਼ ਦੀ ਲੜਾਈ ਅਤੇ ਕਲੇਸ਼ ਤੋਂ ਤੰਗ ਆ ਕੇ ਹੀ ਲੜਕੀ ਨੇ ਫਾਹਾ ਲਗਾ ਕੇ ਆਪਣੀ ਜਾਨ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























