ਲਖਨਊ ‘ਚ ਵੱਡੀ ਵਾਰਦਾਤ: SBI ਅਫ਼ਸਰ ਨੇ ਬੈਂਕ ਮੈਨੇਜਰ ਪਤਨੀ ਅਤੇ ਭੈਣ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ
– ਬੈਂਕ ਦੇ ਬਾਹਰ ਪਤਨੀ ‘ਤੇ ਚਲਾਈਆਂ ਗੋਲੀਆਂ
– ਜਾਂਚ ‘ਚ ਜੁਟੀ ਪੁਲਿਸ
ਨਵੀ ਦਿੱਲੀ, 20 ਅਗਸਤ 2026 (ਵਿਸ਼ਵ ਵਾਰਤਾ): ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਐੱਸ.ਬੀ.ਆਈ. (SBI) ਦੇ ਫੀਲਡ ਅਫ਼ਸਰ ਨੇ ਆਈ.ਸੀ.ਆਈ.ਸੀ.ਆਈ. (ICICI) ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਪਤਨੀ ਅਤੇ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਦੱਸ ਦਈਏ ਕਿ ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਤਾਇਨਾਤ 37 ਸਾਲਾ ਦਿਵਿਆ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਗੋਮਤੀਨਗਰ ਦੇ ਵਿਵੇਕ ਖੰਡ ਸਥਿਤ ਬੈਂਕ ਦੇ ਬਾਹਰ ਵਾਪਰੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦਿਵਿਆ ਨੂੰ ਉਸ ਦੇ ਪਤੀ ਮਾਨਸ ਵਾਜਪੇਈ ਨੇ ਫੋਨ ਕਰਕੇ ਬੈਂਕ ਦੇ ਬਾਹਰ ਬੁਲਾਇਆ ਸੀ। ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਦੋਸ਼ੀ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਗੰਭੀਰ ਰੂਪ ‘ਚ ਜ਼ਖਮੀ ਦਿਵਿਆ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਰਦਾਤ ਤੋਂ ਬਾਅਦ ਉਹ ਸਿੱਧਾ 2 ਕਿਲੋਮੀਟਰ ਦੂਰ ਆਪਣੇ ਘਰ ਪਹੁੰਚਿਆ ਅਤੇ ਭੈਣ ਨੂੰ ਵੀ ਗੋਲੀ ਮਾਰ ਦਿੱਤੀ। ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਗੋਲੀ ਦੀ ਆਵਾਜ਼ ਸੁਣ ਕੇ ਤੁਰਤ ਗੁਆਂਢੀ ਪਹੁੰਚੇ ਅਤੇ ਦਰਵਾਜ਼ਾ ਤੋੜਿਆ। ਅੰਦਰ ਭੈਣ-ਭਰਾ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਟੀਵੀ ‘ਤੇ ਤੇਜ਼ ਆਵਾਜ਼ ਵਿੱਚ ਹਨੂਮਾਨ ਚਾਲੀਸਾ ਚੱਲ ਰਹੀ ਸੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਗੋਮਤੀਨਗਰ ਪੁਲਿਸ, ਸੀਨੀਅਰ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ.ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਰਦਾਤ ਦੇ ਪਿੱਛੇ ਪਰਿਵਾਰਕ ਵਿਵਾਦ, ਨਿੱਜੀ ਮਤਭੇਦ ਜਾਂ ਕੀ ਕੋਈ ਹੋਰ ਕਾਰਨ ਸੀ। ਫਿਲਹਾਲ ਗੋਮਤੀਨਗਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਤਰੁਣ ਗਾਬਾ ਵੀ ਮੌਕੇ ‘ਤੇ ਪਹੁੰਚੇ ਹਨ। ਵਾਰਦਾਤ ਦੀ ਵਜ੍ਹਾ ਅਜੇ ਸਾਫ਼ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























