London ਵਿੱਚ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਚੰਡੀਗੜ੍ਹ, 14 ਜੂਨ (ਵਿਸ਼ਵ ਵਾਰਤਾ) – ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਇੱਕ 26 ਸਾਲਾ ਭਾਰਤੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਪੱਛਮੀ ਲੰਡਨ ਦੇ ਸਾਊਥਾਲ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਗੁਰਭੇਜ ਸਿੰਘ ਵੱਜੋਂ ਹੋਈ ਹੈ। ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ, ਗੁਰਭੇਜ ਸਿੰਘ ਨੂੰ ਸ਼ਨੀਵਾਰ ਨੂੰ ਡੋਰਮਰਜ਼ ਵੈੱਲਜ਼ ਜੰਕਸ਼ਨ ‘ਤੇ ਕੁਝ ਲੋਕਾਂ ਨੇ ਚਾਕੂ ਮਾਰਿਆ ਸੀ ਅਤੇ ਉਸ ਦੇ ਨਾਲ ਹੀ ਉਸ ਦੇ ਇੱਕ ਸਾਥੀ ‘ਤੇ ਵੀ ਹਮਲਾ ਕੀਤਾ ਗਿਆ ਸੀ। ਹਾਲਾਂਕਿ, ਉਹ ਗੰਭੀਰ ਜ਼ਖਮੀ ਨਹੀਂ ਹੋਇਆ ਸੀ ਅਤੇ ਇਲਾਜ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਪੁਲਿਸ ਅਨੁਸਾਰ, ਗੁਰਭੇਜ ਸਿੰਘ ‘ਤੇ ਰਾਤ 12:30 ਵਜੇ ਦੇ ਕਰੀਬ ਹਮਲਾ ਕੀਤਾ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਐਂਬੂਲੈਂਸ ਟੀਮਾਂ ਮੌਕੇ ‘ਤੇ ਪਹੁੰਚੀਆਂ, ਪਰ ਗੰਭੀਰ ਸੱਟਾਂ ਕਾਰਨ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਕਤਲ ਦੇ ਸ਼ੱਕ ਵਿੱਚ 20 ਤੋਂ 30 ਸਾਲ ਦੀ ਉਮਰ ਦੇ ਸੱਤ ਲੋਕਾਂ ਨੂੰ ਮੌਕੇ ਤੋਂ ਹਿਰਾਸਤ ਵਿੱਚ ਲਿਆ ਸੀ। ਛੇ ਨੂੰ ਜਾਂਚ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ ਇੱਕ ਵਿਅਕਤੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਪੁਲਿਸ ਨੇ ਦੱਸਿਆ ਕਿ ਗੁਰਭੇਜ ਸਿੰਘ ਦੇ ਪਰਿਵਾਰ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਹਮਲੇ ਦੇ ਪੂਰੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਅਸੀਂ ਕੋਈ ਵੀ ਸੀਸੀਟੀਵੀ ਫੁਟੇਜ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇ ਕਿਸੇ ਦਾ ਨੇੜੇ ਦਾ ਸੀਸੀਟੀਵੀ ਕੰਮ ਕਰ ਰਿਹਾ ਹੈ, ਤਾਂ ਉਹ ਅੱਗੇ ਆ ਕੇ ਮਦਦ ਕਰ ਸਕਦਾ ਹੈ। ਪੁਲਿਸ ਨੇ ਕੁਝ ਵੀ ਦੇਖਣ ਵਾਲੇ ਲੋਕਾਂ ਨੂੰ ਅੱਗੇ ਆਉਣ ਅਤੇ ਜਾਂਚ ਵਿੱਚ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























