ਲੋਕ ਸਭਾ ਵਿੱਚ ਹੰਗਾਮਾ ਜਾਰੀ: ਪੇਪਰ ਲੀਕ ਬਿੱਲ ‘ਤੇ ਸਹਿਮਤੀ ਬਣਾਉਣ ਲਈ ਸਪੀਕਰ ਨੇ ਦਿੱਤਾ ਸਮਾਂ
ਨਵੀ ਦਿੱਲੀ, 27 ਜੁਲਾਈ 2026 (ਵਿਸ਼ਵ ਵਾਰਤਾ): ਦੇਸ਼ ਵਿੱਚ ਪੇਪਰ ਲੀਕ ਰੋਕਣ ਲਈ ਮੋਦੀ ਸਰਕਾਰ ਨੇ ਅੱਜ ਸੰਸਦ ਵਿੱਚ ‘ਪਬਲਿਕ ਐਗਜ਼ਾਮੀਨੇਸ਼ਨ (ਸੋਧ) ਬਿੱਲ’ ਪੇਸ਼ ਕਰ ਦਿੱਤਾ ਹੈ। ਲੋਕ ਸਭਾ ਵਿੱਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਇਸ ਬਿੱਲ ਨੂੰ ਪੇਸ਼ ਕੀਤਾ। ਵਿਰੋਧੀਆਂ ਦੇ ਹੰਗਾਮੇ ਕਰਕੇ ਲੋਕ ਸਭਾ ਵਿੱਚ ‘ਪ੍ਰੀਖਿਆ ਸੋਧ ਬਿੱਲ’ ‘ਤੇ ਦੁਪਹਿਰ 2 ਵਜੇ ਬਹਿਸ ਸ਼ੁਰੂ ਨਹੀਂ ਹੋ ਸਕੀ। ਕਾਰਵਾਈ ਜਿਵੇਂ ਹੀ ਸ਼ੁਰੂ ਹੋਈ, ਵਿਰੋਧੀ ਸੰਸਦ ਮੈਂਬਰ ਵੈੱਲ ਵਿੱਚ ਪਹੁੰਚ ਗਏ ਅਤੇ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ/ਕੁੱਟਮਾਰ ਦੇ ਮੁੱਦੇ ‘ਤੇ ਬਹਿਸ ਦੀ ਮੰਗ ਕਰਨ ਲੱਗੇ।
ਸਪੀਕਰ ਓਮ ਬਿਰਲਾ ਨੇ ਵਿਰੋਧੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਚਰਚਾ ਨਹੀਂ ਚਾਹੁੰਦੇ। ਇਸ ਤੋਂ ਬਾਅਦ 5 ਮਿੰਟ ਤੱਕ ਹੰਗਾਮਾ ਹੁੰਦਾ ਰਿਹਾ। ਸਪੀਕਰ ਨੇ ਕਿਹਾ ਕਿ ਮੈਂ ਸ਼ਾਮ 5 ਵਜੇ ਤੱਕ ਦਾ ਸਮਾਂ ਦਿੰਦਾ ਹਾਂ, ਸਰਕਾਰ ਅਤੇ ਵਿਰੋਧੀ ਸੰਸਦ ਮੈਂਬਰ ਆਪਸੀ ਸਹਿਮਤੀ ਬਣਾ ਕੇ ਆਉਣ।ਇਸ ਤੋਂ ਪਹਿਲਾਂ ਲੋਕ ਸਭਾ ਨੂੰ 12 ਵਜੇ, 2 ਵਜੇ ਅਤੇ ਹੁਣ ਸ਼ਾਮ 5 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ । ਅਜਿਹਾ ਹੀ ਹਾਲ ਰਾਜ ਸਭਾ ਦਾ ਰਿਹਾ, ਜਿੱਥੇ ਸਦਨ ਨੂੰ 2 ਵਾਰ ਮੁਲਤਵੀ ਕੀਤਾ ਗਿਆ।
ਦੱਸ ਦਈਏ ਕਿ ਪਬਲਿਕ ਐਗਜ਼ਾਮੀਨੇਸ਼ਨ (ਸੋਧ) ਬਿੱਲ ਰਾਹੀਂ ਮੋਦੀ ਸਰਕਾਰ ਨੇ ਪੇਪਰ ਲੀਕ ਮਾਫ਼ੀਆ ‘ਤੇ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਹੈ। ਨਵੇਂ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਪੇਪਰ ਲੀਕ ਕਰਨ ‘ਤੇ 10 ਸਾਲ ਦੀ ਜੇਲ੍ਹ ਅਤੇ 10 ਕਰੋੜ ਰੁਪਏ ਦਾ ਜੁਰਮਾਨਾ ਲੱਗੇਗਾ।























