‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ਦਾ ਬਦਲੇਗਾ ਨਾਂਅ
ਚੰਡੀਗੜ੍ਹ, 11 ਮਈ(ਵਿਸ਼ਵ ਵਾਰਤਾ) ਬਹੁ-ਚਰਚਿਤ ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ‘ਲਾਰੈਂਸ ਆਫ ਪੰਜਾਬ’ ਨੂੰ ਲੈ ਕੇ ਅੱਜ ਹੋਈ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਫ਼ਿਲਮ ਦੇਖ ਲਈ ਹੈ ਅਤੇ ਪੂਰੀ ਫ਼ਿਲਮ ਵਿੱਚ ਉਸ ਨੂੰ ਸਿਰਲੇਖ ਤੋਂ ਇਲਾਵਾ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ, ਜਿਸ ’ਤੇ ਗੰਭੀਰ ਇਤਰਾਜ਼ ਹੋਵੇ। ਅਦਾਲਤ ਨੇ ਕਿਹਾ ਕਿ ਫ਼ਿਲਮ ਮੁੱਖ ਤੌਰ ’ਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਖ਼ਬਰਾਂ ’ਤੇ ਅਧਾਰਿਤ ਜਾਪਦੀ ਹੈ, ਪਰ ਫ਼ਿਲਮ ਦੇ ਨਾਮ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਵਰਤਿਆ ਜਾਣਾ ਇਤਰਾਜ਼ਯੋਗ ਮੰਨਿਆ ਜਾ ਸਕਦਾ ਹੈ।
ਹਾਈ ਕੋਰਟ ਨੇ ਸੁਣਵਾਈ ਦੌਰਾਨ ਜ਼ੀ ਐਂਟਰਟੇਨਮੈਂਟ ਨੂੰ ਸਾਫ਼ ਕਿਹਾ ਕਿ ਜੇਕਰ ਫ਼ਿਲਮ ਦੇ ਨਾਮ ਤੋਂ ਲਾਰੈਂਸ ਦਾ ਨਾਮ ਹਟਾ ਦਿੱਤਾ ਜਾਵੇ ਅਤੇ ਨਵਾਂ ਨਾਮ ਪੇਸ਼ ਕੀਤਾ ਜਾਵੇ ਤਾਂ ਅਦਾਲਤ ਨੂੰ ਇਸ ’ਤੇ ਕੋਈ ਖ਼ਾਸ ਇਤਰਾਜ਼ ਨਹੀਂ ਹੋਵੇਗਾ। ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਜ਼ੀ ਐਂਟਰਟੇਨਮੈਂਟ ਵੱਲੋਂ ਕਿਹਾ ਗਿਆ ਕਿ ਕੰਪਨੀ ਫ਼ਿਲਮ ਦਾ ਨਾਮ ਬਦਲਣ ਲਈ ਤਿਆਰ ਹੈ ਅਤੇ ਬਦਲਵਾਂ ਸਿਰਲੇਖ ਸੁਝਾਇਆ ਜਾਵੇਗਾ। ਹਾਈ ਕੋਰਟ ਨੇ ਕੰਪਨੀ ਨੂੰ ਨਿਰਦੇਸ਼ ਦਿੱਤੇ ਕਿ ਅੱਜ ਦੁਪਹਿਰ 2:30 ਵਜੇ ਤੱਕ ਸੋਧਿਆ ਹੋਇਆ ਨਾਮ ਅਦਾਲਤ ਦੇ ਸਾਹਮਣੇ ਰੱਖਿਆ ਜਾਵੇ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ।























