Latest News: ਕਣਕ ਦੀ ਆਮਦ ਨੇ ਫੜ੍ਹੀ ਤੇਜ਼ੀ – ਖਰੀਦ ਵੀ 8000 ਮੀਟਰਕ ਟਨ ਦੇ ਕਰੀਬ ਪੁੱਜੀ
ਚਾਲੂ ਸੀਜਨ ਦੌਰਾਨ 3.38 ਲੱਖ ਮੀਟਰਕ ਟਨ ਦੀ ਖਰੀਦ ਦਾ ਹੈ ਟੀਚਾ

ਕਪੂਰਥਲਾ , 18 ਅਪ੍ਰੈਲ (ਵਿਸ਼ਵ ਵਾਰਤਾ):- ਦਾਣਾ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਤੇਜ਼ੀ ਆਉਣ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧਾਂ ਤਹਿਤ ਖਰੀਦ ਤੇ ਲਿਫਟਿੰਗ ਵੀ ਨਾਲੋ ਨਾਲ ਕੀਤੀ ਜਾ ਰਹੀ ਹੈ ।

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ ਕਣਕ ਦੀ ਆਮਦ 5000 ਮੀਟਰਕ ਟਨ ਨੂੰ ਪਾਰ ਕਰ ਗਈ ਹੈ, ਜਿਸ ਵਿੱਚੋਂ 4993 ਮੀਟਰਕ ਟਨ ਦੀ ਖਰੀਦ ਕੀਤੀ ਗਈ ।
ਬੀਤੇ ਕੱਲ੍ਹ ਤੱਕ ਕਣਕ ਦੀ ਕੁੱਲ ਆਮਦ 8418 ਮੀਟਰਕ ਟਨ ਹੋਈ ਹੈ ਜਿਸ ਵਿੱਚੋਂ 7497 ਮੀਟਰਕ ਟਨ ਖਰੀਦੀ ਗਈ ਹੈ ਜੋ ਕਿ ਆਮਦ ਦਾ 89 ਫੀਸਦੀ ਬਣਦਾ ਹੈ ।
ਸ੍ਰੀ ਪੰਚਾਲ ਨੇ ਇਹ ਵੀ ਦੱਸਿਆ ਕਿ ਰੋਜ਼ਾਨਾ 1500 ਮੀਟਰਕ ਟਨ ਦੇ ਕਰੀਬ ਲਿਫਟਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਅਗਲੇ ਕੁਝ ਦਿਨਾਂ ਤੱਕ ਕਣਕ ਦੀ ਆਮਦ ਵਿੱਚ ਹੋਰ ਤੇਜ਼ੀ ਦੇ ਮੱਦੇਨਜਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਰਾਤ ਵੇਲੇ ਕਟਾਈ ਨਾ ਕਰਵਾਉਣ ਤਾਂ ਜੋ ਫਸਲ ਵਿੱਚ ਵਾਧੂ ਨਮੀ ਨਾ ਹੋਵੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਣਕ ਦੀ ਸੁਚਾਰੂ ਖਰੀਦ ਲਈ ਖਰੀਦ ਏਜੰਸੀਆਂ, ਮੰਡੀ ਬੋਰਡ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ – ਨਾਲ ਐਸ ਡੀ ਐਮਜ ਨੂੰ ਵੀ ਮੰਡੀਆਂ ਦਾ ਲਗਾਤਾਰ ਦੌਰਾ ਕਰਨ ਦੇ ਹੁਕਮ ਦਿੱਤੇ ਗਏ ਹਨ ।























