Latest News: ਵਿਦਿਆਰਥੀ ਚਾਰੂਵਰੱਤ ਬੈਂਸ ਦੀ ਸ਼ਾਨਦਾਰ ਪ੍ਰਾਪਤੀ – ਚੀਨ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ
ਅਰਥ ਸਾਇੰਸ ਓਲੰਪੀਆਡ 2025 ਵਿੱਚ ਕਰਨਗੇ ਦੇਸ਼ ਦੀ ਪ੍ਰਤੀਨਿਧਤਾ
ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸ਼ਾ ਪੱਤਰ ਦੇ ਕੇ ਕੀਤਾ ਸਨਮਾਨਿਤ- ਉੱਜਵਲ ਭਵਿੱਖ ਲਈ ਦਿੱਤੀਆਂ ਸ਼ੁਭ ਕਾਮਨਾਵਾਂ
ਕਪੂਰਥਲਾ, 13 ਜੂਨ (ਵਿਸ਼ਵ ਵਾਰਤਾ):- ਕਪੂਰਥਲਾ ਦੇ ਵਿਦਿਆਰਥੀ ਚਾਰੂਵਰੱਤ ਬੈਂਸ ਨੇ ਸ਼ਾਨਦਾਰ ਪ੍ਰਾਪਤੀ ਕਰਦਿਆਂ ਚੀਨ ਵਿਚ ਹੋਣ ਵਾਲੀ 18 ਵੀਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪੀਆਡ 2025 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਿਲ ਕੀਤਾ ਹੈ ।
ਲੰਬੀ ਤੇ ਸਖ਼ਤ ਪ੍ਰਕਿਆ ਪਿੱਛੋਂ ਦੇਸ਼ ਭਰ ਵਿੱਚੋਂ ਕੇਵਲ 4 ਵਿਦਿਆਰਥੀ ਇਸ ਅੰਤਰਰਾਸ਼ਟਰੀ ਓਲੰਪੀਆਡ ਲਈ ਚੁਣੇ ਗਏ ਹਨ ਜੋ ਭਾਰਤ ਦਾ ਤਿਰੰਗਾ ਚੀਨ ਦੇ ਜਿਨਿੰਗ ਸ਼ਹਿਰ ਵਿੱਚ 7 ਤੋਂ 17 ਅਗਸਤ ਤੱਕ ਹੋਣ ਵਾਲੀ ਅੰਤਰਰਾਸ਼ਟਰੀ ਓਲੰਪੀਆਡ ਵਿੱਚ ਲਹਿਰਾਉਣਗੇ ।
ਵਿਦਿਆਰਥੀ ਚਾਰੂਵਰੱਤ ਬੈਂਸ ਪੰਜਾਬ ਦੇ ਪੀ ਸੀ ਐਸ ਅਧਿਕਾਰੀ ਸ੍ਰੀ ਲਾਲ ਵਿਸ਼ਵਾਸ਼ ਬੈਂਸ ਤੇ ਐਨ ਆਈ ਟੀ ਜਲੰਧਰ ਦੇ ਸਹਾਇਕ ਪ੍ਰੋਫੈਸਰ ਸ੍ਰੀਮਤੀ ਸ਼ੀਤਲ ਸੋਡਾ ਦਾ ਪੁੱਤਰ ਹੈ , ਜੋ ਐਮ ਜੀ ਐਨ ਸਕੂਲ ਦਾ ਵਿਦਿਆਰਥੀ ਹੈ ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਅੱਜ ਵਿਦਿਆਰਥੀ ਚਾਰੂਵਰੱਤ ਬੈਂਸ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਨੂੰ ਨਾ ਸਿਰਫ ਕਪੂਰਥਲਾ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਦੱਸਦਿਆਂ ਵਿਦਿਆਰਥੀ ਦਾ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ ।
ਉਨ੍ਹਾਂ ਕਿਹਾ ਕਿ “ ਇਹ ਸਾਡੇ ਸਭ ਲਈ ਖੁਸ਼ੀ ਵਾਲੀ ਗੱਲ ਹੈ ਕਿ ਛੋਟੇ ਜਿਹੇ ਸ਼ਹਿਰ ਕਪੂਰਥਲਾ ਦਾ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਉੱਪਰ ਦੇਸ਼ ਦੀ ਪ੍ਰਤੀਨਿਧਤਾ ਕਰੇਗਾ “। ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਬਹੁਤ ਸਾਰੇ ਵਿਦਿਆਰਥੀ ਪ੍ਰੇਰਿਤ ਹੋਣਗੇ “।
ਦੱਸਣਯੋਗ ਹੈ ਕਿ ਚਾਰੂਵਰੱਤ ਬੈਂਸ ਵੱਲੋਂ ਇੰਡੀਅਨ ਨੈਸ਼ਨਲ ਅਰਥ ਸਾਇੰਸ ਓਲੰਪੀਆਡ 2025 ਦਾ ਆਲ ਇੰਡੀਆ ਐਂਟਰੈੰਸ ਟੈਸਟ ਪਾਸ ਕੀਤਾ ਗਿਆ ਤੇ ਸਾਵਿਤਰੀ ਬਾਈ ਫੂਲੇ ਪੁਣੇ ਯੂਨੀਵਰਸਿਟੀ ਵਿਖੇ 9 ਮਈ ਤੋਂ 2 ਜੂਨ ਤੱਕ ਸਿਖਲਾਈ ਲਈ ਗਈ ।
ਇਸ ਸਿਖਲਾਈ ਦੌਰਾਨ ਦੇਸ਼ ਭਰ ਦੇ ਚੁਣਕੇ ਆਏ ਵਿਦਿਆਰਥੀਆਂ ਵਿੱਚੋਂ ਉਸਦੀ ਪਹਿਲੇ ਚਾਰਾਂ ਵਿੱਚ ਚੋਣ ਹੋਈ ਜੋ ਦੇਸ਼ ਦੀ ਨੁਮਾਇੰਦਗੀ ਕਰਨਗੇ ।
ਇਸ ਤੋਂ ਪਹਿਲਾਂ ਚਾਰੂਵਰੱਤ ਬੈਂਸ ਨੂੰ ਅੰਤਰਰਾਸ਼ਟਰੀ ਪੱਧਰ ਉੱਪਰ ਦੇਸ਼ ਦੀ ਪ੍ਰਤੀਨਿਧਤਾ ਦੀ ਤਿਆਰੀ ਲਈ ਅੰਨਾ ਯੂਨੀਵਰਸਿਟੀ , ਚੇਨਈ ਵਿਖੇ 28 ਜੁਲਾਈ ਤੋਂ 5 ਅਗਸਤ ਤੱਕ ਟ੍ਰੇਨਿੰਗ ਕੈਂਪ ਵਿਚ ਭਾਗ ਲੈਣਾ ਹੋਵੇਗਾ ।























