Latest News: ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਛੇਵੀਂ ਕਨਵੋਕੇਸ਼ਨ ਹੋਈ
ਪਟਿਆਲਾ, 15 ਫਰਵਰੀ (ਵਿਸ਼ਵ ਵਾਰਤਾ):- ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਅੱਜ ਛੇਵੀਂ ਕਨਵੋਕੇਸ਼ਨ ਕਰਵਾਈ ਗਈ।( Latest news )
ਇਸ ਮੌਕੇ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਵਿਜ਼ਟਰ ਮਾਣਯੋਗ ਜਸਟਿਸ ਸ੍ਰੀ ਸੂਰਿਆ ਕਾਂਤ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਚਾਂਸਲਰ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਯੂਨੀਵਰਸਿਟੀ ਦੇ 300 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਆਰ.ਜੀ.ਐਨ.ਯੂ.ਐਲ ਦੇ ਜਨਰਲ ਕੌਂਸਲ ਦੇ ਮੈਂਬਰ ਮਾਣਯੋਗ ਜਸਟਿਸ ਅਰੁਣ ਪਾਲੀ ਵੀ ਮੌਜੂਦ ਸਨ। ਇਸ ਦੌਰਾਨ ਤਿੰਨ ਬੈਂਚਾਂ ਦੇ ਐਲ.ਐਲ.ਐਮ., ਤਿੰਨ ਬੈਂਚਾਂ ਦੇ ਬੀ.ਏ.ਐਲ.ਐਲ.ਬੀ. (ਆਨਰਜ਼) ਸਮੇਤ ਐਲ.ਐਲ.ਡੀ. ਅਤੇ ਪੀ.ਐਚ.ਡੀ. ਦੇ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਗਈਆਂ।
ਕਨਵੋਕੇਸ਼ਨ ਦੀ ਸ਼ੁਰੂਆਤ ਮੌਕੇ ਆਰ.ਜੀ.ਐਨ.ਯੂ.ਐਲ ਦੇ ਉਪ ਕੁਲਪਤੀ ਪ੍ਰੋਫੈਸਰ (ਡਾ.) ਜੈ.ਐਸ. ਸਿੰਘ ਨੇ ਮਹਿਮਾਨਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਵਿਜ਼ਟਰ ਮਾਣਯੋਗ ਜਸਟਿਸ ਸ੍ਰੀ ਸੂਰਿਆ ਕਾਂਤ ਨੇ ਕਿਹਾ ਕਿ ”ਤੁਹਾਡੀ ਪੀੜ੍ਹੀ ਇਕ ਅਜਿਹੇ ਦੌਰ ਵਿੱਚ ਕਾਨੂੰਨ ਦੇ ਖੇਤਰ ਵਿੱਚ ਕਦਮ ਰੱਖ ਰਹੀ ਹੈ, ਜਦੋਂ ਤਕਨੀਕ, ਸਮਾਜਿਕ ਬਦਲਾਅ ਅਤੇ ਕਾਨੂੰਨ ਦੇ ਖੇਤਰ ਵਿੱਚ ਬਦਲਾਅ ਆ ਰਹੇ ਹਨ ਅਤੇ ਇਹ ਇਕ ਦੂਸਰੇ ਨਾਲ ਜੁੜੇ ਹਨ। ਇਹ ਇੱਕ ਵਧੀਆ ਮੌਕਾ ਹੈ ਉਨ੍ਹਾਂ ਲਈ, ਜੋ ਤਿਆਰ ਹਨ। ਤੁਹਾਡੀ ਸਿੱਖਿਆ ਨੇ ਤੁਹਾਨੂੰ ਸਿਰਫ਼ ਗਿਆਨ ਨਹੀਂ, ਸਗੋਂ ਆਲੋਚਨਾਤਮਕ ਸੋਚਣ, ਨੈਤਿਕਤਾ ਨਾਲ਼ ਕੰਮ ਕਰਨ ਅਤੇ ਨਵੀਨਤਾ ਅਨੁਸਾਰ ਢਲਨ ਦੀ ਸਮਰੱਥਾ ਵੀ ਦਿੱਤੀ ਹੈ। ਇਹ ਹੁਨਰ ਤੁਹਾਨੂੰ ਸਿਰਫ਼ ਇੱਕ ਵਧੀਆ ਵਕੀਲ ਬਣਨ ਵਿੱਚ ਹੀ ਨਹੀਂ, ਸਗੋਂ ਕਾਨੂੰਨੀ ਪ੍ਰਣਾਲੀ ਦੇ ਭਵਿੱਖ ਨੂੰ ਨਿਰਧਾਰਤ ਕਰਨ ਵਿੱਚ ਵੀ ਮਦਦ ਕਰਨਗੇ।”
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਚਾਂਸਲਰ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਅੰਦਰ ਉਤਸ਼ਾਹ ਭਰੇ ਹੋਏ ਕਿਹਾ, ”ਤੁਹਾਡਾ ਕੰਮ, ਫੈਸਲੇ ਤੇ ਸ਼ਬਦ ਸਮਾਜ ਨੂੰ ਸੇਧ ਦੇ ਸਕਦੇ ਹਨ, ਲੋਕਾਂ ਦੀ ਜ਼ਿੰਦਗੀ ‘ਤੇ ਪ੍ਰਭਾਵ ਪਾ ਸਕਦੇ ਹਨ। ਤੁਸੀਂ ਇਥੇ ਜੋ ਗਿਆਨ ਅਤੇ ਤਜਰਬਾ ਪ੍ਰਾਪਤ ਕੀਤਾ ਹੈ, ਉਹ ਤੁਹਾਨੂੰ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ ਅਤੇ ਮੈ ਪੂਰਾ ਵਿਸ਼ਵਾਸ ਰੱਖਦਾ ਹਾਂ ਕਿ ਤੁਸੀਂ ਸਿਰਫ਼ ਪ੍ਰਗਤੀ ਹੀ ਨਹੀਂ ਕਰੋਗੇ, ਸਗੋਂ ਸਫਲਤਾ ਦੀ ਨਵੀਂ ਉਚਾਈ ਤੱਕ ਪਹੁੰਚੋਗੇ।’
ਇਸ ਮੌਕੇ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਚਾਂਸਲਰ ਮੈਡਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੌਂਪੇ। ਇਹ ਸਨ, ਭਾਵਨਾ ਗੇਰਾ (ਬੈਚ 2015-2020), ਬੀ.ਏ. ਐਲ.ਐਲ.ਬੀ (ਆਨਰਜ਼), ਨੇਹਾ ਜੈਨ (ਬੈਚ 2016-2021), ਬੀ.ਏ. ਐਲ.ਐਲ.ਬੀ (ਆਨਰਜ਼) ਤੇ ਆਦਿਤਿਆ ਵਿਆਸ (ਬੈਚ 2017-2022), ਬੀ.ਏ. ਐਲ.ਐਲ.ਬੀ (ਆਨਰਜ਼) ਨੂੰ ਪ੍ਰਦਾਨ ਕੀਤੇ ਗਏ। ਜਦਕਿ ਉਪ-ਕੁਲਪਤੀ ਮੈਡਲ ਪ੍ਰੋ. (ਡਾ.) ਜੈ ਐਸ. ਸਿੰਘ ਵੱਲੋਂ ਸੁਪਰਨਾ ਜੈਨ, ਵੰਦਨਾ ਸ਼ਰਮਾ, ਸ਼ੌਰਯ ਧੌਂਡੀਅਲ (ਬੈਚ 2015-2020), ਬੀ.ਏ. ਐਲ.ਐਲ.ਬੀ (ਆਨਰਜ਼) ਪ੍ਰੀਆ ਅਗਰਵਾਲ, ਮੋਹਿਤ ਡੰਗ (ਬੈਚ 2016-2021), ਬੀ.ਏ. ਐਲ.ਐਲ.ਬੀ (ਆਨਰਜ਼) ਤੇ ਬਿਪਾਸ਼ਾ ਖਤਾਨਾ, ਕੁਸ਼ਾਗਰਾ ਗੁਪਤਾ (ਬੈਚ 2017-2022), ਬੀ.ਏ. ਐਲ.ਐਲ.ਬੀ (ਆਨਰਜ਼) ਨੂੰ ਪ੍ਰਦਾਨ ਕੀਤੇ ਗਏ।