Latest News : ਕਮਾਂਡ ਹਸਪਤਾਲ ਚੰਡੀਮੰਦਰ ਨੂੰ ਰੱਖਿਆ ਮੰਤਰੀ ਤੋਂ ਸਰਵੋਤਮ ਟਰਸ਼ਰੀ ਕੇਅਰ ਹਸਪਤਾਲ ਲਈ ਮਿਲਿਆ ਪੁਰਸਕਾਰ

ਚੰਡੀਗੜ੍ਹ: 03 ਅਪ੍ਰੈਲ(ਵਿਸ਼ਵ ਵਾਰਤਾ) Latest News : ਚੰਡੀਮੰਦਿਰ ਕਮਾਂਡ ਹਸਪਤਾਲ ਪੱਛਮੀ ਕਮਾਂਡ ਨੇ ਦੇਸ਼ ਵਿੱਚ ਹਥਿਆਰਬੰਦ ਸੈਨਾਵਾਂ ਦੇ ਆਲ-ਰਾਊਂਡ ਸਰਵੋਤਮ ਟਰਸ਼ਰੀ ਕੇਅਰ ਹਸਪਤਾਲ ਲਈ ਉਪ ਜੇਤੂ ਪੁਰਸਕਾਰ ਪ੍ਰਾਪਤ ਕਰਕੇ ਹਥਿਆਰਬੰਦ ਸੈਨਾਵਾਂ ਵਿੱਚ ਇੱਕ ਮੋਹਰੀ ਟਰਸ਼ਰੀ ਕੇਅਰ ਹਸਪਤਾਲ ਵਜੋਂ ਆਪਣੀ ਮਜ਼ਬੂਤ ਜਗ੍ਹਾ ਬਣਾਈ ਹੈ। ਜ਼ਿਕਰਯੋਗ ਹੈ ਕਿ ਕਮਾਂਡ ਹਸਪਤਾਲ ਚੰਡੀਮੰਦਰ ਨੂੰ ਪਹਿਲਾਂ ਭਾਰਤ ਸਰਕਾਰ ਦੁਆਰਾ ‘ਬੈਸਟ ਇਮਰਜਿੰਗ ਆਰਗਨ ਰਿਟ੍ਰੀਵਲ ਸੈਂਟਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਨੇ ਅੰਗ ਟ੍ਰਾਂਸਪਲਾਂਟੇਸ਼ਨ ਅਤੇ ਪ੍ਰਾਪਤੀ ਵਿੱਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਸੀ।
ਭਾਰਤੀ ਸੈਨਾ ਮੈਡੀਕਲ ਕੋਰ ਦੇ 261ਵੇਂ ਸਥਾਪਨਾ ਦਿਵਸ ਮੌਕੇ ਅੱਜ ਨਵੀਂ ਦਿੱਲੀ ਦੇ ਆਰਮੀ ਹਸਪਤਾਲ (ਆਰ ਐਂਡ ਆਰ) ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਇਹ ਵੱਕਾਰੀ ਪੁਰਸਕਾਰ ਮੇਜਰ ਜਨਰਲ ਮੈਥਿਊਜ਼ ਜੈਕਬ, ਡਾਇਰੈਕਟਰ ਅਤੇ ਕਮਾਂਡੈਂਟ, ਕਮਾਂਡ ਹਸਪਤਾਲ ਪੱਛਮੀ ਕਮਾਂਡ, ਨੇ ਆਪਣੀ ਟੀਮ ਸਮੇਤ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਪ੍ਰਾਪਤ ਕੀਤਾ।
ਮੇਜਰ ਜਨਰਲ ਜੈਕਬ ਨੇ ਪੁਰਸਕਾਰ ਪ੍ਰਾਪਤ ਕਰਦੇ ਹੋਏ ਕਿਹਾ, “ਸਾਨੂੰ ਇਹ ਸਨਮਾਨ ਪ੍ਰਾਪਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੈਂ ਇਹ ਪੁਰਸਕਾਰ ਆਪਣੀ ਪੂਰੀ ਟੀਮ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਦੇ ਅਣਥੱਕ ਯਤਨਾਂ ਅਤੇ ਸਮਰਪਣ ਨੇ ਇਹ ਸਥਾਨ ਸੰਭਵ ਬਣਾਇਆ ਹੈ।”
ਉਨ੍ਹਾਂ ਅੱਗੇ ਕਿਹਾ ਕਿ ਇਹ ਪੁਰਸਕਾਰ ਕਮਾਂਡ ਹਸਪਤਾਲ ਚੰਡੀਮੰਦਰ ਦੇ ਰੋਗਾਂ ਦੀ ਰੋਕਥਾਮ, ਜਾਗਰੂਕਤਾ ਮੁਹਿੰਮਾਂ ਅਤੇ ਉੱਚ ਪੱਧਰੀ ਇਲਾਜ ਸਹੂਲਤਾਂ ਲਈ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਦਾ ਪ੍ਰਮਾਣ ਹੈ। ਹਸਪਤਾਲ ਸਿਹਤ ਸੰਭਾਲ ਸੇਵਾਵਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਇਹ ਸਨਮਾਨ ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਲਈ ਇਸਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























