Latest News : ਨਗਰ ਨਿਗਮ ਅਬੋਹਰ, ਨਗਰ ਕੌਂਸਲ ਫਾਜ਼ਿਲਕਾ ਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਵਿਖੇ 19 ਤੋਂ 23 ਅਗਸਤ ਤੱਕ ਸਫਲਤਾਪੂਰਵਕ ਚਲਾਇਆ ਗਿਆ ਸਾਫ-ਸਫਾਈ ਅਭਿਆਨ
ਮੁਹਿੰਮ ਦੇ ਅੰਤਿਮ ਦਿਨ ਸਮੂਹ ਸ਼ਹਿਰਾਂ ਅੰਦਰ ਜੈਵਿਕ ਖਾਦ ਦੀ ਲਗਾਈ ਗਈ ਪ੍ਰਦਰਸ਼ਨੀ ਅਤੇ ਕੀਤੀ ਗਈ ਖਾਦ ਦੀ ਵੰਡ
ਫਾਜ਼ਿਲਕਾ, 23 ਅਗਸਤ(ਵਿਸ਼ਵ ਵਾਰਤਾ)Latest News-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀਆਂ ਹਦਾਂਇਤਾਂ ਦੇ ਮੱਦੇਨਜਰ ਵਧੀਕ ਡਿਪਟੀ ਕਮਿਸ਼ਨਰ (ਜ਼), ਫਾਜਿਲਕਾ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ-ਨਿਰਦੇਸ਼ਾਂ *ਤੇ ਸ਼ਹਿਰਾਂ ਅੰਦਰ ਸਾਫ-ਸਫਾਈ ਨੂੰ ਲੈ ਕੇ 19 ਤੋਂ 23 ਅਗਸਤ 2024 ਤੱਕ ਸਪੈਸ਼ਲ ਕੰਪੇਨ ਚਲਾ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਕੰਪੇਨ ਤਹਿਤ ਜਿਥੇ ਸ਼ਹਿਰ ਦੀ ਦਿਖ ਨੂੰ ਸੁਧਾਰਨ ਲਈ ਕੁੜਾ ਕਰਕਟ ਇਕੱਤਰ ਕਰਕੇ ਰੀਸਾਈਕਲਿਕ ਸੈਂਟਰਾਂ ਤੱਕ ਪਹੁੰਚਾਇਆ ਗਿਆ ਉਥੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸ਼ਹਿਰ ਅੰਦਰ ਪੌਦੇ ਵੀ ਲਗਾਏ ਗਏ। ਇਸ ਤੋਂ ਇਲਾਵਾ ਗਿਲੇ ਕੂੜੇ ਤੋਂ ਜੈਵਿਕ ਖਾਦ ਵੀ ਤਿਆਰ ਕੀਤੀ ਜਾ ਰਹੀ ਹੈ।
ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ *ਤੇ ਨਗਰ ਨਿਗਮ ਅਬੋਹਰ ਵੱਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੀ ਖਾਦ ਨੂੰ ਛਾਣ ਕੇ ਨਹਿਰੂ ਪਾਰਕ ਵਿਚ ਪ੍ਰਦਰਸ਼ਨੀ ਲਗਾਈ ਗਈ ਅਤੇ ਮੁਫ਼ਤ ਵਿੱਚ ਖਾਦ ਵੰਡੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਹਰ ਇਕ ਨਾਗਰਿਕ ਨੂੰ ਆਪਣਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਇਹ ਅਭਿਆਨ ਜਨਹਿਤ ਦੀ ਭਾਗੀਦਾਰੀ ਨਾਲ ਸਫਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ *ਤੇ ਸਾਫ-ਸਫਾਈ ਅਭਿਆਨ ਚਲਾਏ ਜਾਂਦੇ ਹਨ ਤਾਂ ਜੋ ਸ਼ਹਿਰਾਂ ਦੀ ਦਿਖ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕਾਰਜ ਸਾਧਕ ਅਫਸਰ ਸ. ਜਗਸੀਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚਲਾਏ ਜਾ ਰਹੇ 23 ਅਗਸਤ ਤੱਕ ਚਲਾਏ ਗਏ ਅਭਿਆਨ ਦੇ ਅੰਤਿਮ ਦਿਨ ਫਾਜ਼ਿਲਕਾ ਦੇ ਘੰਟਾ ਘਰ ਵਿਖੇ ਸਬਜੀਆਂ ਅਤੇ ਫਲਾਂ ਦੇ ਛਿਲਕਿਆਂ ਤੋਂ ਤਿਆਰ ਕੀਤੀ ਜੈਵਿਕ ਖਾਦ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਜੈਵਿਕ ਖਾਦ ਆਰਗੈਨਿਕ ਵਿਧੀ ਰਾਹੀਂ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੈਵਿਕ ਖਾਦ ਨਗਰ ਕੌਂਸਲ ਦਫਤਰ ਵਿਖੇ ਉਪਲਬੱਧ ਹੈ ਕੋਈ ਵੀ ਕਿਸਾਨ, ਨਰਸਰੀਆਂ ਵਾਲੇ ਖਰੀਦ ਕਰ ਸਕਦੇ ਹਨ।
ਨਗਰ ਕੌਂਸਲ ਜਲਾਲਾਬਾਦ ਦੀ ਟੀਮ ਵੱਲੋਂ ਟਿਊਬਵੈਲ ਨੰਬਰ 6 ਦੇ ਕੰਪੋਸਟ ਯੂਨਿਟ ਤੇ ਖਾਦ ਛਣਵਾਈ ਗਈ ਅਤੇ ਐਮ.ਆਰ.ਐਫ ਪੁਆਇੰਟ ਤੇ ਜੈਵਿਕ ਖਾਦ ਦੀ ਸਟਾਲ ਲਗਾਈ ਗਈ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਕਰਮਚਾਰੀਆਂ/ ਇੰਫੋਰਮਲ ਵੇਸਟ ਕੁਲੈਕਟਰਾਂ ਨੂੰ ਕੁੱਲ 180 ਕਿਲੋਗ੍ਰਾਮ ਜੈਵਿਕ ਖਾਦ ਮੁਫਤ ਵਿੱਚ ਵੰਡੀ ਗਈ । ਇਸ ਸਮੇਂ ਸੀ.ਐਫ. ਅਮਨਦੀਪ ਅਤੇ ਮੋਟੀਵੇਟਰ ਟੀਮ ਦੁਆਰਾ ਵੇਸਟ ਕੂਲੈਕਟਰਾ ਨਾਲ ਸੋਲਿਡ ਵੇਸਟ ਮੈਨੇਜਮੈਂਟ ਅਤੇ ਡੋਰ ਟੂ ਡੋਰ ਕੁਲੈਕਸ਼ਨ ਸੋਰਸ ਸੈਗਰੀਗੇਸ਼ਨ ਦੇ 100 ਫੀਸਦੀ ਟੀਚੇ ਨੂੰ ਹਾਸਲ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਵੇਸਟ ਕੁਲੈਕਟਰਾਂ ਨੂੰ ਘਰਾ/ਦੁਕਾਨਾਂ ਤੋਂ ਵੇਸਟ ਅਲੱਗ ਅਲੱਗ ਇੱਕਤਰ ਕਰਨ ਲਈ ਹਦਾਇਤ ਕੀਤੀ ਗਈ।
ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਦਾ ਵੇਸਟ ਨਗਰ ਕੌਂਸਲ ਵੱਲੋਂ ਨਿਰਧਾਰਿਤ ਵੇਸਟ ਕੁਲੈਕਟਰ ਨੂੰ ਦਿੱਤਾ ਜਾਵੇ, ਇਸ ਦੇ ਨਾਲ ਹੀ ਕਾਰਜ ਸਾਧਕ ਅਫਸਰ, ਨਗਰ ਕੌਂਸਲ ਜਲਾਲਾਬਾਦ ਨੇ “ਸਫਾਈ ਅਪਨਾਓ ਬਿਮਾਰੀ ਭਗਾਓ” ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਅਪੀਲ ਕੀਤੀ ਗਈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਆਪਣੇ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਕਰਕੇ ਵੇਸਟ ਕੁਲੈਕਟਰ ਨੂੰ ਦੇਣ ਅਪੀਲ ਕੀਤੀ। ਨਗਰ ਪੰਚਾਇਤ ਅਰਨੀਵਾਲਾ ਵਿਖੇ ਵੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।