Latest News : ਬ੍ਰਾਜ਼ੀਲ ‘ਚ ਯਾਤਰੀ ਜਹਾਜ਼ ਹੋਇਆ ਕਰੈਸ਼ ; 62 ਲੋਕਾਂ ਦੀ ਮੌਤ
ਨਵੀਂ ਦਿੱਲੀ, 10ਅਗਸਤ (ਵਿਸ਼ਵ ਵਾਰਤਾ)Latest News: ਬ੍ਰਾਜ਼ੀਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਯਾਤਰੀ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਜਦੋਂ ਜਹਾਜ਼ ਨਾਲ ਹਾਦਸਾ ਵਾਪਰਿਆ ਤਾਂ ਇਹ ਅਸਮਾਨ ‘ਚ ਕਾਫੀ ਉਚਾਈ ‘ਤੇ ਉੱਡ ਰਿਹਾ ਸੀ। ਜਹਾਜ਼ ਵਿੱਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ 60 ਤੋਂ ਵੱਧ ਲੋਕ ਸਵਾਰ ਸਨ। ਇਸ ਦਰਦਨਾਕ ਜਹਾਜ਼ ਹਾਦਸੇ ਵਿੱਚ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਜਦੋਂ ਜਹਾਜ਼ ਜ਼ਮੀਨ ‘ਤੇ ਡਿੱਗਿਆ ਤਾਂ ਜ਼ੋਰਦਾਰ ਧਮਾਕੇ ਦੇ ਨਾਲ-ਨਾਲ ਭਿਆਨਕ ਅੱਗ ਲੱਗ ਗਈ। ਜਹਾਜ਼ ਦੇ ਕਰੈਸ਼ ਹੋਣ ਅਤੇ ਅੱਗ ਲੱਗਣ ਤੋਂ ਬਾਅਦ ਦੂਰ-ਦੂਰ ਤੱਕ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ। ਇਸ ਹਾਦਸੇ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਸਨਸਨੀ ਫੈਲ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ-ਪ੍ਰਸ਼ਾਸ਼ਨਿਕ ਅਤੇ ਹਵਾਬਾਜ਼ੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਬ੍ਰਾਜ਼ੀਲ ਵਿੱਚ ਇਹ ਵੱਡਾ ਜਹਾਜ਼ ਹਾਦਸਾ ਸਾਓ ਪਾਓਲੋ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਵਾਪਰਿਆ। ਸ਼ੁਕਰ ਹੈ ਕਿ ਉੱਥੇ ਮੌਜੂਦ ਲੋਕਾਂ ਨੂੰ ਜਹਾਜ਼ ਦੀ ਟੱਕਰ ਨਹੀਂ ਲੱਗੀ। ਇਸ ਦੌਰਾਨ ਜਹਾਜ਼ ਹਾਦਸੇ ਦਾ ਸਾਰਾ ਦ੍ਰਿਸ਼ ਆਸ-ਪਾਸ ਦੇ ਲੋਕਾਂ ਨੇ ਆਪਣੇ ਕੈਮਰਿਆਂ ‘ਚ ਕੈਦ ਕਰ ਲਿਆ। ਜਹਾਜ਼ ਹਾਦਸੇ ਦੀ ਜੋ ਵੀਡੀਓ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਹਾਦਸੇ ਦਾ ਦ੍ਰਿਸ਼ ਦੇਖ ਕੇ ਦਿਲ ਕੰਬ ਰਿਹਾ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਅਸਮਾਨ ‘ਚ ਉੱਡਦੇ ਸਮੇਂ ਜਹਾਜ਼ ਅਚਾਨਕ ਬੇਕਾਬੂ ਹੋ ਜਾਂਦਾ ਹੈ ਅਤੇ ਹਵਾ ‘ਚ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਸ ਤੋਂ ਬਾਅਦ ਸਿੱਧਾ ਜ਼ਮੀਨ ‘ਤੇ ਡਿੱਗ ਪੈਂਦਾ ਹੈ। ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ 62 ਲੋਕਾਂ ਦੀ ਮੌਤ ਹੋ ਗਈ। ਕਿਸੇ ਦੀ ਜਾਨ ਨਹੀਂ ਬਚਾਈ ਜਾ ਸਕਦੀ ਸੀ।