Latest News: ਡਿਪੂ ਹੋਲਡਰਾਂ ਦੀ ਮਾਰਜਨ ਮਨੀ ਵਧਾ ਕੇ 8 ਸਾਲਾਂ ਬਾਅਦ ਕੀਤੀ ਦੁੱਗਣੀ: ਲਾਲ ਚੰਦ ਕਟਾਰੂਚੱਕ
14000 ਤੋਂ ਵੱਧ ਡਿਪੂ ਹੋਲਡਰਾਂ ਨੂੰ ਮਿਲੇਗਾ ਇਸ ਦਾ ਲਾਭ
ਡਿਪੂ ਹੋਲਡਰਾਂ ਨੂੰ ਹੁਣ 50 ਰੁਪਏ ਪ੍ਰਤੀ ਕੁਇੰਟਲ ਦੀ ਥਾਂ ਮਿਲਣਗੇ 90 ਰੁਪਏ ਪ੍ਰਤੀ ਕੁਇੰਟਲ
ਸੂਬੇ ਭਰ ਵਿੱਚ ਖੋਲ੍ਹੇ ਜਾਣਗੇ 9000 ਤੋਂ ਵੱਧ ਨਵੇਂ ਡਿਪੂ, ਅਪਲਾਈ ਕਰਨ ਦੀ ਆਖਰੀ ਮਿਤੀ 5 ਦਸੰਬਰ
ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਖੁਰਾਕ ਸੁਰੱਖਿਆ ਨਾਲ ਜੁੜੇ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਡਿਪੂ ਹੋਲਡਰਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਕਣਕ ਦੀ ਵੰਡ ਉੱਤੇ ਉਨ੍ਹਾਂ ਦੀ ਮਾਰਜਨ ਮਨੀ ਨੂੰ 8 ਸਾਲਾਂ ਬਾਅਦ ਵਧਾ ਕੇ ਲਗਭਗ ਦੁੱਗਣਾ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।
ਉਨ੍ਹਾਂ ਅੱਗੇ ਦੱਸਿਆ ਕਿ 2016 ਵਿੱਚ ਇਹ ਮਾਰਜਨ ਮਨੀ 50 ਪ੍ਰਤੀ ਕੁਇੰਟਲ ਸੀ ਜਿਸ ਨੂੰ ਵਧਾ ਕੇ 90 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸ ਵਾਧੇ ਨੂੰ ਅਪ੍ਰੈਲ 2024 ਤੋਂ ਲਾਗੂ ਕੀਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਇਸ ਸਬੰਧ ਵਿੱਚ 38.43 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਇਸ ਕਦਮ ਨਾਲ ਸੂਬੇ ਦੇ 14400 ਰਾਸ਼ਨ ਡਿਪੂ ਹੋਲਡਰਾਂ ਨੂੰ ਲਾਭ ਮਿਲੇਗਾ।
ਇਸ ਸਬੰਧੀ ਮਿਸਾਲ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਜੇਕਰ ਕਿਸੇ ਡਿਪੂ ਹੋਲਡਰ ਨਾਲ 200 ਰਾਸ਼ਨ ਕਾਰਡ/800 ਲਾਭਪਾਤਰੀ ਅਟੈਚ ਹਨ ਅਤੇ ਹਰ ਲਾਭਪਾਤਰੀ ਨੂੰ 5 ਕਿਲੋ ਕਣਕ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ ਤਾਂ ਲਗਭਗ 2000 ਰੁਪਏ ਮਾਰਜਨ ਮਨੀ ਹਰ ਮਹੀਨੇ ਹਾਸਿਲ ਹੁੰਦੀ ਸੀ। ਪਰ ਵਾਧੇ ਉਪਰੰਤ ਉਨ੍ਹਾਂ ਨੂੰ 3600 ਰੁਪਏ ਪ੍ਰਤੀ ਮਹੀਨਾ ਤੱਕ ਮਾਰਜਨ ਮਨੀ ਪ੍ਰਾਪਤ ਹੋ ਰਹੀ ਹੈ।
ਪੰਜਾਬ ਵਿੱਚ ਹੋਰ ਰਾਸ਼ਨ ਡਿਪੂ ਖੋਲ੍ਹਣ ਦੇ ਮੁੱਦੇ ਬਾਰੇ ਗੱਲ ਕਰਦਿਆਂ ਮੰਤਰੀ ਨੇ ਦੱਸਿਆ ਕਿ ਇਹ ਕਾਰਜ ਪ੍ਰਕਿਰਿਆ ਅਧੀਨ ਹੈ ਅਤੇ ਨਵੇਂ ਰਾਸ਼ਨ ਡਿਪੂਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 5 ਦਸੰਬਰ, 2024 ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਕੁੱਲ 9792 ਰਾਸ਼ਨ ਡਿਪੂ ਖੋਲ੍ਹੇ ਜਾਣਗੇ ਜਿਹਨਾਂ ਵਿੱਚੋਂ 8040 ਪੇਂਡੂ ਖੇਤਰਾਂ ਵਿੱਚ ਜਦੋਂ ਕਿ 1742 ਸ਼ਹਿਰੀ ਖੇਤਰਾਂ ਵਿੱਚ ਕਾਰਜਸ਼ੀਲ ਹੋਣਗੇ।
ਇਸ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਵਿਕਾਸ ਗਰਗ ਵੀ ਮੌਜੂਦ ਸਨ।