Latest News : ਦੋ ਕੌਮਾਂਤਰੀ ਪੰਜਾਬੀ ਖਿਡਾਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਦੂਜੀ ਵਾਰ ਬਣੇ ਮੰਤਰੀ
ਚੰਡੀਗੜ੍ਹ, 19ਨਵੰਬਰ (ਵਿਸ਼ਵ ਵਾਰਤਾ) ਬਠਿੰਡੇ ਦੇ ਟਿੱਬਿਆਂ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ(ਕੈਨੇਡਾ)ਦੇ ਕੈਬਨਿਟ ਵਜ਼ੀਰ ਬਣੇ ਹਨ। ਬਠਿੰਡਾ ਦੇ ਦਿਉਣ ਪਿੰਡ ਦੇ ਸ. ਜਸਵੰਤ ਸਿੰਘ ਬਰਾੜ ਦੇ ਨਿੱਕੜੇ ਵੀਰ ਨੂੰ ਛੇਵੀਂ ਵਾਰ ਇਸ ਸੂਬੇ ਦੇ ਵਿਧਾਇਕ ਚੁਣੇ ਜਾਣ ਦਾ ਮਾਣ ਮਿਲਿਐ। ਭਾਰਤ ਰਹਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹੇ ਬਾਸਕਟਬਾਲ ਦੇ ਖਿਡਾਰੀ, ਮਨੋਵਿਗਿਆਨ ਦੇ ਸ਼ਹੀਦ ਭਗਤ ਸਿੰਘ ਕਾਲਿਜ ਕੋਟਕਪੂਰਾ ਵਿਖੇ ਪ੍ਰੋਫੈਸਰ ਰਹੇ ਜਗਰੂਪ ਸਿੰਘ ਬਰਾੜ ਤੋਂ ਇਲਾਵਾ ਕੈਨੇਡਾ ਵੱਲੋਂ ਖੇਡੇ ਹਾਕੀ ਉਲੰਪੀਅਨ ਰਵੀ ਕਾਰਲੋਂ ਨੂੰ ਵੀ ਇਸ ਕੈਬਨਿਟ ਵਿੱਚ ਦੂਜੀ ਵਾਰ ਥਾਂ ਮਿਲੀ ਹੈ। ਇਹ ਗੱਭਰੂ ਵੀ ਭਾਗੋਵਾਲ(ਗੁਰਦਾਸਪੁਰ) ਦਾ ਜੰਮਪਲ ਹੈ। ਇਹ ਮੈਨੂੰ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਤੋਂ ਪਤਾ ਲੱਗੈ। ਅਗਲੇ ਸਾਲ ਕੋਟਲਾ ਸ਼ਾਹੀਆ (ਬਟਾਲਾ)ਦੀਆਂ ਖੇਡਾਂ ਤੇ ਸੱਦਾਂਗੇ ਭਾਊ ਨੂੰ। ਤੀਸਰਾ ਪੰਜਾਬੀ ਮੰਤਰੀ ਵੀ ਰਵੀ ਸਿੰਘ ਪਰਮਾਰ ਬਣਿਆ ਹੈ 15 ਨਵੰਬਰ 1994 ਵਿੱਚ ਕੈਨੇਡਾ ਵਿਖੇ ਜਨਮਿਆ ਸਭ ਤੋਂ ਨਿੱਕੀ ਉਮਰ ਦਾ ਦੋਆਬੀਆ ਪੁੱਤਰ। ਨਵੀਂ ਅਟਾਰਨੀ ਜਨਰਲ ਵੀ ਦਿੱਲੀ ਦੀ ਜੰਮੀ ਜਾਈ ਪੰਜਾਬਣ ਬਣੀ ਹੈ ਨਿੱਕੀ ਸ਼ਰਮਾ। ਸਪੀਕਰ ਵੀ ਸੌ ਵਿਸਵੇ ਰਾਜ ਚੌਹਾਨ ਨੇ ਬਣ ਜਾਣੈਂ ਪਿਛਲੀ ਵਾਰ ਵਾਂਗ। ਰਾਜ ਚੌਹਾਨ ਗਹੌਰ (ਲੁਧਿਆਣਾ) ਦੇ ਪ੍ਰਸਿੱਧ ਵਕੀਲ ਸ. ਰਾਜਵੰਤ ਸਿੰਘ ਦਾ ਨਿੱਕਾ ਵੀਰ ਹੈ। ਡੇਵਿਡ ਏਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਇੱਥੇ ਸਹੁੰ ਚੁੱਕੀ ਇਸ ਮੌਕੇ ਜੋਧਾਂ(ਲੁਧਿਆਣਾ )ਦੀ ਧੀ ਅਤੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ , ਉਨ੍ਹਾਂ ਦੇ ਪੁੱਤਰ ਅਤੇ ਧੀ ਤੋਂ ਇਲਾਵਾ ਦੋਸਤ ਮਿੱਤਰ ਮੌਜੂਦ ਸਨ। ਵੀਰ ਜਸਵੰਤ ਬਰਾੜ ਬਠਿੰਡੇ ਆਇਆ ਹੋਇਆ। ਸਮੂਹ ਵਿਸ਼ਾਲ ਪੰਜਾਬੀ ਪਰਿਵਾਰ ਨੂੰ ਵਧਾਈਆਂ। ਵੱਡੇ ਬਾਈ ਬਰਾੜ ਤੋਂ ਲੱਡੂ ਮੰਗਵਾਉਂਦੇ ਹਾਂ ਮੋਟੀ ਬੂੰਦੀ ਵਾਲੇ। – ਗੁਰਭਜਨ ਗਿੱਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/