Latest News : ਰਿਪੁਦਮਨ ਸਿੰਘ ਰੂਪ ਦਾ ਸੱਜਰਾ ਨਾਵਲ ‘ਤੀਲ੍ਹਾ’ ਹੋਇਆ ਲੋਕ-ਅਰਪਣ
ਨਿਆਂਪਾਲਿਕਾ ਵਿਵਸਥਾ ਦੇ ਅੰਦਰੂਨੀ ਤਾਣੇ-ਬਾਣੇ ਦੀ ਬਾਤ ਪਾਉਂਦਾ ਹੈ ‘ਤੀਲ੍ਹਾ’
ਚੰਡੀਗੜ੍ਹ, 18ਨਵੰਬਰ(ਵਿਸ਼ਵ ਵਾਰਤਾ) ਨੱਬੇ ਵਰ੍ਹੇ ਦੀ ਉਮਰੇ ਵੀ ਸ਼ਿੱਦਤ ਨਾਲ ਸਾਹਿਤ ਦੇ ਖ਼ੇਤਰ ਵਿਚ ਕਰਮਸ਼ੀਲ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ੍ਰੀ ਰਿਪੁਦਮਨ ਸਿੰਘ ਰੂਪ ਦਾ ਸੱਜਰਾ ਨਾਵਲ ‘ਤੀਲ੍ਹਾ’ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਆਯੋਜਿਤ ਸਾਹਿਤ ਉਤਸਵ-2024 ਦੌਰਾਨ ਲੋਕ-ਅਰਪਣ ਕੀਤਾ ਗਿਆ।ਸ਼੍ਰੀ ਰੂਪ ਦੀ ਗ਼ੈਰ-ਮੌਜ਼ੂਦਗੀ ਵਿਚ ਲੋਕ-ਅਰਪਣ ਦੀ ਰਸਮ (ਡਾ.) ਸੁਖਦੇਵ ਸਿੰਘ ਸਿਰਸਾ,(ਡਾ.) ਸਰਬਜੀਤ ਸਿੰਘ ,ਸ੍ਰੀ ਬਿਹਾਰੀ ਲਾਲ ਸੱਦੀ,(ਡਾ.) ਗਿਆਨ ਸਿੰਘ,ਸ਼੍ਰੀ ਪਰਮਜੀਤ ਸਿੰਘ ਢੀਂਗਰਾ,ਸ੍ਰੀ ਹਰੀ ਸਿੰਘ ਜਾਚਕ ,ਸ਼੍ਰੀ ਗੁਰਪ੍ਰੀਤ ਸਿੰਘ ਤੂਰ ਅਤੇ ਸ਼੍ਰੀ ਰੂਪ ਦੇ ਪੁੱਤਰ ਸ਼੍ਰੀ ਸੰਜੀਵਨ ਸਿੰਘ ਵੱਲੋਂ ਅਦਾ ਕੀਤੀ ਗਈ।ਨਾਵਲ ‘ਤੀਲ੍ਹਾ’ ਸਾਡੀ ਨਿਆਂਇਕ ਵਿਵਸਥਾ ਦੇ ਉਹਨਾਂ ਅੰਦਰੂਨੀ ਪਹਿਲੂਆਂ ਦੀ ਬਾਤ ਪਾਉਂਦਾ ਹੈ ਜਿਸ ਤੋਂ ਅਕਸਰ ਆਮ ਲੋਕ ਅਣਜਾਣ ਹੁੰਦੇ ਹਨ।
ਸ਼੍ਰੀ ਰੂਪ ਹੁਣ ਤਕ ਦੋ ਕਾਵਿ ਸੰਗ੍ਰਹਿ -‘ਰਾਣੀ ਰੁੱਤ’ ਅਤੇ ‘ਲਾਲਗੜ੍ਹ’, ਚਾਰ ਕਹਾਣੀ ਸੰਗ੍ਰਹਿ- ‘ਦਿਲ ਦੀ ਅੱਗ’ ‘ਬਹਾਨੇ ਬਹਾਨੇ’, ‘ਓਪਰੀ ਹਵਾ’ ਅਤੇ ‘ਪਹੁ ਫੁਟਾਲੇ ਤੱਕ’ ਮਿੰਨੀ ਕਹਾਣੀ ਸੰਗ੍ਰਹਿ -‘ਬਦਮਾਸ਼’, ਦੋ ਨਾਵਲ – ‘ਝੱਖੜਾਂ ਵਿੱਚ ਝੂਲਦਾ ਰੁੱਖ’ ਅਤੇ
‘ਪ੍ਰੀਤੀ’,ਲੇਖ ਸੰਗ੍ਰਹਿ-‘ਬੰਨੇ ਚੰਨੇ’ ਅਤੇ ਕਾਵਿ ਸੰਪਾਦਨਾ- ‘ਧੂੜ ਹੇਠਲੀ ਕਵਿਤਾ’ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।
ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਡਾ.ਗੁਰਮੇਲ ਸਿੰਘ ਨੇ ਦੱਸਿਆ ਕਿ ਸ਼੍ਰੀ ਰੂਪ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ,ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਉਹਨਾਂ ਦੇ ਨਾਵਲ ‘ਤੀਲ੍ਹਾ’ ਉਪਰ ਵਿਚਾਰ-ਚਰਚਾ/ਗੋਸ਼ਟੀ ਸ੍ਰੀ ਰੂਪ ਦੇ ਘਰ ਮੋਹਾਲੀ ਵਿਖੇ ਦਸੰਬਰ ਦੇ ਅੱਧ ਵਿਚ ਇਕ ਸੰਖੇਪ ਇਕੱਤਰਤਾ ਦੌਰਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/