Latest News : ਗਲੋਬਲ ਪੱਧਰ ਦੀ IT ਖ਼ਰਾਬੀ ਕਾਰਨ ਆਸਟ੍ਰੇਲੀਆ ‘ਚ ਵੀ ਸੇਵਾਵਾਂ ਪ੍ਰਭਾਵਿਤ
ਸਿਡਨੀ, 19 ਜੁਲਾਈ (ਗੁਰਪੁਨੀਤ ਸਿੱਧੂ)Latest News: ਗਲੋਬਲ ਪੱਧਰ ਦੀ ਆਈਟੀ ਖ਼ਰਾਬੀ ਕਾਰਨ ਜਿੱਥੇ ਦੁਨੀਆਂ ਭਰ ਦੀਆਂ ਆਈਟੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਉੱਥੇ ਹੀ ਆਸਟਰੇਲੀਆ ਵਿੱਚ ਵੀ ਇੰਟਰਨੈਟ ਤੇ ਆਈਟੀ ਨਾਲ ਸੰਬੰਧਿਤ ਸੇਵਾਵਾਂ ਤੇ ਅਸਰ ਪਿਆ ਹੈ। ਰਿਪੋਰਟਾਂ ਮੁਤਾਬਿਕ ਇਸ ਸੰਕਟ ਕਾਰਨ ਕਈ ਮੀਡੀਆ ਸੰਸਥਾਨਾਂ ਨੂੰ ਵੀ ਸੇਵਾਵਾਂ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਸਮੱਸਿਆ ਅਮਰੀਕਾ ਅਧਾਰਿਤ ਇੱਕ ਸਾਈਬਰ ਸੁਰੱਖਿਆ ਕੰਪਨੀ ਕਰਾਊਡਸਟਰਾਈਕ ਦੇ ਨਾਲ ਜੁੜੀ ਹੋਈ ਹੈ। ਇਹ ਕੰਪਨੀ ਗਲੋਬਲ ਪੱਧਰ ਤੇ ਮਾਈਕਰੋਸੋਫਟ ਵਿੰਡੋਜ ਦੇ ਡਿਵਾਈਸ ਉੱਪਰ ਸਾਈਬਰ ਸੁਰੱਖਿਆ ਦੀਆਂ ਸੇਵਾਵਾਂ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਲਾਉਂਡ ਟੈਕਨੋਲਜੀ ਵਿੱਚ ਕਈ ਕਿਸਮ ਦੀਆਂ ਉਲੰਘਣਾਵਾਂ ਨੂੰ ਰੋਕਦੀ ਹੈ ਅਤੇ ਸੁਰੱਖਿਆ ਮੁਹਈਆ ਕਰਵਾਉਂਦੀ ਹੈ। ਆਸਟਰੇਲੀਆ ਦੇ ਵਿੱਚ ਕਈ ਬੈਂਕਾਂ ਸੁਪਰ ਮਾਰਕੀਟਾਂ ਅਤੇ ਮੀਡੀਆ ਸੰਸਥਾਨ ਇਸ ਸੋਫਟਵੇਅਰ ਕਰਾਊਡਸਟਰਾਈਕ ਵਿੱਚ ਆਈ ਗੜਬੜੀ ਤੋਂ ਪ੍ਰਭਾਵਿਤ ਹੋਏ ਹਨ। ਜਿੱਥੇ ਕੌਮਾਂਤਰੀ ਪੱਧਰ ਤੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਉੱਥੇ ਹੀ ਸਿਡਨੀ ਏਅਰਪੋਰਟ ‘ਤੇ ਯਾਤਰੀਆਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦਿੱਤੀਆਂ ਹਨ। ਸਾਈਬਰ ਸੁਰੱਖਿਆ ਸੋਫਟਵੇਅਰ ਕਰਾਊਡ ਸਟਰਾਈਕ ਨੇ ਇੱਕ ਅਪਡੇਟ ਲਾਂਚ ਕੀਤਾ ਸੀ ਜਿਸ ਨੂੰ ਇੰਸਟਾਲ ਕਰਨ ਤੋਂ ਬਾਅਦ ਜਦੋਂ ਕੰਪਿਊਟਰ ਨੂੰ ਰੀਸਟਾਰਟ ਕੀਤਾ ਗਿਆ ਤਾਂ ਕੰਪਿਊਟਰ ਨਹੀਂ ਚਲਿਆ ਅਤੇ ਇੱਕ ਨੀਲੀ ਸਕਰੀਨ ਵਾਲਾ ਸੁਨੇਹਾ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਸੇਵਾਵਾਂ ਨੂੰ ਲੈ ਕੇ ਹੜਬੜੀ ਮੱਚ ਗਈ ਹੈ। ਇਸੇ ਤਰਾਂ ਨਿਊਜ਼ੀਲੈਂਡ ਅਤੇ ਅਮਰੀਕਾ ਵਿੱਚ ਵੀ ਇਸ ਨਾਲ ਜੁੜੀਆਂ ਮੁਸ਼ਕਿਲਾਂ ਸਾਹਮਣੇ ਆਈਆਂ ਹਨ। ਆਸਟਰੇਲੀਆ ਦੇ ਨੈਸ਼ਨਲ ਸਾਈਬਰ ਸਿਕਿਉਰਿਟੀ ਕੋਆਰਡੀਨੇਟਰ ਲੈਫਟੀਨੈਂਟ ਜਨਰਲ ਮਿਸ਼ੇਲ ਮੈਗਨੀਜ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਹ ਮੌਜੂਦਾ ਮੁਸ਼ਕਿਲ ਤੋਂ ਜਾਣੂ ਹਨ ਅਤੇ ਮੁਸ਼ਕਿਲ ਦੇ ਜਲਦ ਹੱਲ ਹੋ ਜਾਣ ਦੀ ਉਮੀਦ ਕਰਦੇ ਹਨ।