Latest News : ਬਾਗਮਤੀ ਐਕਸਪ੍ਰੈੱਸ ਦੀ ਮਾਲ ਗੱਡੀ ਨਾਲ ਟੱਕਰ, 19 ਜ਼ਖਮੀ
ਚੇਨਈ, 14ਅਕਤੂਬਰ(ਵਿਸ਼ਵ ਵਾਰਤਾ) :ਤਾਮਿਲਨਾਡੂ ਦੇ ਤਿਰੂਵੱਲੁਰ ਤੋਂ ਇਕ ਵੱਡਾ ਰੇਲ ਹਾਦਸਾ ਹੋਣ ਦੀ ਖਬਰ ਹੈ, ਜਿੱਥੇ ਮੈਸੂਰ ਤੋਂ ਦਰਭੰਗਾ ਜਾ ਰਹੀ ਬਾਗਮਤੀ ਸੁਪਰਫਾਸਟ ਐਕਸਪ੍ਰੈੱਸ ਖੜ੍ਹੀ ਟਰੇਨ ਨਾਲ ਟਕਰਾ ਗਈ। ਹਾਦਸੇ ਕਾਰਨ ਟਰੇਨ ਦੇ 12 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ‘ਚ 19 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਤਿਰੂਵੱਲੁਰ ਪੁਲਿਸ ਨੇ ਏਜੰਸੀ ਨੂੰ ਦੱਸਿਆ ਕਿ ਮੈਸੂਰ ਤੋਂ ਦਰਭੰਗਾ ਦੇ ਰਸਤੇ ਪੇਰੰਬੂਰ ਜਾ ਰਹੀ ਇੱਕ ਯਾਤਰੀ ਰੇਲਗੱਡੀ ਤਿਰੂਵੱਲੁਰ ਨੇੜੇ ਕਾਵਰਪੇੱਟਾਈ ਰੇਲਵੇ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਰੇਲਵੇ ਅਧਿਕਾਰੀ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਹਨ।
ਦਰਭੰਗਾ ਬਾਗਮਤੀ ਐਕਸਪ੍ਰੈਸ ਰੇਲ ਹਾਦਸੇ ਮਾਮਲੇ ‘ਚ ਭੰਨਤੋੜ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਰੇਲਵੇ ਦੀ ਤਿੰਨ ਮੈਂਬਰੀ ਤਕਨੀਕੀ ਟੀਮ ਨੇ ਕਾਵਾਰਾਪੇੱਟਾਈ ਰੇਲਵੇ ਸਟੇਸ਼ਨ ‘ਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ।
ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਨੇ ਰੇਲ ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਚੇਨਈ ਦੇ ਸਰਕਾਰੀ ਮਾਲਕੀ ਵਾਲੇ ਸਟੈਨਲੇ ਮੈਡੀਕਲ ਕਾਲਜ ਹਸਪਤਾਲ ਦੇ ਐਕਸੀਡੈਂਟ ਅਤੇ ਐਮਰਜੈਂਸੀ ਵਿਭਾਗ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਰੇਲਵੇ ਬੋਰਡ ਦੇ ਸੂਚਨਾ ਅਤੇ ਪ੍ਰਚਾਰ (ਈਡੀ/ਆਈਪੀ) ਦੇ ਕਾਰਜਕਾਰੀ ਨਿਰਦੇਸ਼ਕ ਦਲੀਪ ਕੁਮਾਰ ਨੇ ਕਿਹਾ ਕਿ ਸਾਨੂੰ ਰੇਲ ਹਾਦਸੇ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਤੇਜ਼ੀ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਸਾਰੇ ਯਾਤਰੀਆਂ ਨੂੰ ਪੂਰੀ ਟਰੇਨ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਕਿਸੇ ਯਾਤਰੀ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ। ਰੇਲਵੇ ਵੱਲੋਂ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।























