Latest News : ਪੰਜਾਬ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਬੁੱਧੀਜੀਵੀਆਂ ਵੱਲੋਂ ਜਲੰਧਰ ’ਚ ਮੀਟਿੰਗ
ਜਲੰਧਰ,14 ਜੁਲਾਈ(ਵਿਸ਼ਵ ਵਾਰਤਾ)Latest News-ਪੰਜਾਬ ਚੇਤਨਾ ਮੰਚ ਵਲੋਂ ਸੱਦੀ ਗਈ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਦੀ ਮੀਟਿੰਗ ਵਿਚ ਪੰਜਾਬ ਸਮੱਸਿਆਵਾਂ ਅਤੇ ਸੰਭਾਵਨਾਵਾਂ ਦੇ ਸੰਬੰਧ ਵਿਚ ਬੋਲਦਿਆਂ ਉਘੇ ਵਿਦਵਾਨ ਡਾ: ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਦੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਵਿਚਾਰਾਂ ਦੀ ਸਾਂਝ ਪਾਉਣ ਦੇ ਨਾਲ ਨਾਲ ਸਾਰਥਿਕ ਸਾਂਝੇ ਜਨਤਕ ਯਤਨਾਂ ਦੀ ਵੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਚੇਤਨਾ ਮੰਚ ਮੌਜੂਦਾ ਦੌਰ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਅਤੇ ਸੂਬੇ ਦੇ ਲੋਕਾਂ ਦੇ ਪੱਥ ਪ੍ਰਦਰਸ਼ਕ ਵਜੋਂ ਕੰਮ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੇ ਜੋ ਨਕਾਰਾਤਮਕ ਸੋਚ ਪੈਦਾ ਕੀਤੀ ਹੋਈ ਹੈ ਉਸ ਨੂੰ ਬਦਲਣ ਦੀ ਲੋੜ ਹੈ। ਉਹਨਾਂ ਨੇ ਪੰਜਾਬ ਦੀ ਖੇਤੀ, ਪਾਣੀ, ਪ੍ਰਵਾਸ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਵੱਲ ਧਿਆਨ ਦਿਵਾਇਆ ਅਤੇ ਪੱਛਮੀ ਪੰਜਾਬ ਨਾਲ ਵਪਾਰ ਵਾਸਤੇ ਵਾਹਗਾ ਬਾਰਡਰ ਖੋਲ੍ਹਣ ਦੀ ਹਿਮਾਇਤ ਕੀਤੀ। ਇਸ ਤੋਂ ਪਹਿਲਾਂ ਸਤਨਾਮ ਸਿੰਘ ਮਾਣਕ ਨੇ ਪੰਜਾਬ ਚੇਤਨਾ ਮੰਚ ਦੇ ਉਦੇਸ਼ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਰੋਕਾਰਾਂ ਅਤੇ ਦੇਸ਼ ਵਿਚ ਜਮਹੂਰੀਅਤ, ਸਰਬ ਧਰਮ ਸਨਮਾਨ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੰਚ ਲੋਕਾਂ ਨੂੰ ਜਾਗਰੂਕ ਕਰੇਗਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ Punjab Chetna Manch ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਕੇ, ਜਿਥੇ ਮੰਚ ਅਕਾਦਮਿਕ ਤੌਰ ਤੇ ਕੰਮ ਕਰੇਗਾ, ਉਥੇ ਇਹ ਆਪਣੀਆਂ ਸਰਗਰਮੀਆਂ ਵਧਾ ਕੇ ਇੱਕ ਦਬਾਓ ਗਰੁੱਪ ਵਜੋਂ ਵੀ ਭੂਮਿਕਾ ਨਿਭਾਇਗਾ। ਉਹਨਾਂ ਨੇ ਬੁੱਧੀਜੀਵੀਆਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਣ ਅਤੇ ਪੰਜਾਬੀ ਵਸੇਵੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਪ੍ਰਸਿੱਧ ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਬੁੱਧੀਮਤਾ ਨੂੰ ਸਿਉਂਕ ਖਾ ਰਹੀ ਹੈ ਅਤੇ ਬੁੱਧੀਜੀਵੀਆਂ ਦੀ ਸੋਚ ਨਿਘਾਰ ਵੱਲ ਜਾ ਰਹੀ ਹੈ। ਉਂਜ ਉਹਨਾਂ ਨੇ ਤਸੱਲੀ ਪ੍ਰਗਟ ਕੀਤੀ ਕਿ ਪੰਜਾਬ ਦਾ ਬੁੱਧੀਜੀਵੀ ਵਰਗ ਗੁਆਂਢੀ ਸੂਬੇ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਨਾਲੋਂ ਅਜੇ ਵੀ ਜ਼ਿਆਦਾ ਸੁਚੇਤ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਬਰਸਾਤੀ ਪਾਣੀ ਨੂੰ ਸੰਭਾਲਣ ਦੀ ਅਤਿਅੰਤ ਲੋੜ ਹੈ ਤਾਂ ਕਿ ਧਰਤੀ ਹੇਠੋਂ ਪਾਣੀ ਬਿਲਕੁਲ ਹੀ ਖਤਮ ਨਾ ਹੋ ਜਾਵੇ। ਉਹਨਾਂ ਨੇ ਕਿਹਾ ਕਿ ਸੂਬੇ ਵਿਚ ਚੱਲ ਰਹੀਆਂ ਹੋਰ ਜਮਹੂਰੀ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਇਸ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਭਵਿੱਖ ਵਿਚ ਪੰਜਾਬ ਲਈ ਚਿੰਤਨ ਕਰਨ ਵਾਲਿਆਂ ਦੀ ਵੀ ਘਾਟ ਹੋ ਜਾਵੇਗੀ। ਇਸ ਮੀਟਿੰਗ ਵਿਚ ਡਾ: ਰੌਣਕੀ ਰਾਮ, ਕਾਹਨ ਸਿੰਘ ਪੰਨੂੰ, ਡਾ: ਸੁਖਦੇਵ ਸਿੰਘ ਪੀ ਏ ਯੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਗੁਰਪ੍ਰੀਤ ਸਿੰਘ ਤੂਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਲੋਕ ਮੰਚ ਪੰਜਾਬ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਐੱਸ.ਐੱਲ. ਵਿਰਦੀ, ਰਮਨਪ੍ਰੀਤ ਕੌਰ, ਅਮਨਦੀਪ ਸਿੰਘ ਬਰਾੜ, ਡਾ: ਬਿਕਰਮ ਸਿੰਘ ਵਿਰਕ, ਡਾਕਟਰ ਰਘਬੀਰ ਕੌਰ, ਮੱਖਣ ਸਿੰਘ ਕੋਹਾੜ, ਐਸ.ਪੀ. ਐਸ. ਬਰਾੜ, ਗਿਆਨ ਸਿੰਘ ਮੋਗਾ ਨੇ ਵੀ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਵੱਖੋ-ਵੱਖਰੇ ਥਾਵਾਂ ‘ਤੇ ਜਾ ਕੇ ਸੈਮੀਨਾਰ ਕਰਨ, ਮੰਚ ਦੀਆਂ ਸਰਗਰਮੀਆਂ ਪਿੰਡਾਂ ਤੱਕ ਵਧਾਉਣ, ਹੋਰ ਜੱਥੇਬੰਦੀਆਂ ਨਾਲ ਰਲਕੇ ਸਮਾਗਮ ਕਰਨ ਅਤੇ ਸਲਾਨਾ ਸਮਾਗਮ ਕਰਨ ਦੀ ਸੰਬੰਧੀ ਵੀ ਸਹਿਮਤੀ ਬਣੀ। ਮੀਟਿੰਗ ਵਿਚ ਇਹ ਤਜ਼ਵੀਜ ਵੀ ਪਾਸ ਕੀਤੀ ਗਈ ਕਿ ਪਹਿਲੀ ਨਵੰਬਰ ਨੂੰ ਪੰਜਾਬ ਦੀਆਂ ਸਮੱਸਿਆਵਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ ਤੋਂ ਰਚਨਾਵਾਂ ਲਿਖਵਾ ਕੇ ਇਕ ਪੁਸਤਕ ਛਾਪ ਕੇ ਲੋਕ ਅਰਪਿਤ ਕੀਤੀ ਜਾਵੇ। ਮੀਟਿੰਗ ਵਿਚ ਹੋਰਨਾਂ ਤੋਂ ਬਿਨਾਂ ਰਵਿੰਦਰ ਚੋਟ,ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਗੁਰਚਰਨ ਨੁਰਪੂਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ, ਰਕੇਸ਼ ਸ਼ਾਂਤੀਦੂਤ , ਇੰਦਰਜੀਤ ਸਿੰਘ ਚਿੱਤਰਕਾਰ ਆਦਿ ਵੀ ਸ਼ਾਮਲ ਹੋਏ।