ਕੇਰਲ ਦੇ ਵਾਇਨਾਡ ‘ਚ ਲੈਂਡਸਲਾਈਡ: ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ!
– ਰੇਸਕਿਊ ਆਪ੍ਰੇਸ਼ਨ ਜਾਰੀ
ਵਾਇਨਾਡ, 7 ਜੁਲਾਈ 2026 (ਵਿਸ਼ਵ ਵਾਰਤਾ)– ਕੇਰਲ ਦੇ ਵਾਇਨਾਡ ਵਿੱਚ ਭਾਰੀ ਬਾਰਸ਼ ਦੇ ਵਿਚਕਾਰ ਲੈਂਡਸਲਾਈਡ ਦੀ ਖ਼ਬਰ ਹੈ। ਲੈਂਡਸਲਾਈਡ ਦੀ ਲਪੇਟ ਵਿੱਚ ਕਈ ਲੋਕ ਆ ਗਏ ਹਨ। ਮਲਬੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਰੇਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਕੇਰਲ ਵਿੱਚ ਭਾਰੀ ਬਾਰਸ਼ ਹੋ ਰਹੀ ਹੈ।
ਇਹ ਹਾਦਸਾ ਕੱਲਾਡੀ ਸਥਿਤ ਮੀਨਾਕਸ਼ੀ ਬ੍ਰਿਜ ਦੇ ਨੇੜੇ ਵਾਪਰਿਆ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖ਼ਮੀ ਹੋਏ ਹਨ। ਕਈ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਇੱਥੇ ਮਲੱਪੁਰਮ-ਵਾਇਨਾਡ ਟਨਲ ਪ੍ਰੋਜੈਕਟ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸੁਰੰਗ ਵਿੱਚੋਂ ਮਿੱਟੀ ਕੱਢ ਕੇ ਬਾਹਰ ਜਮ੍ਹਾਂ ਕੀਤੀ ਗਈ ਸੀ। ਬਾਰਸ਼ ਕਾਰਨ ਮਿੱਟੀ ਖਿਸਕ ਗਈ, ਜਿਸ ਨਾਲ ਰੁੱਖ ਉਖੜ ਗਏ ਅਤੇ ਬੈਰੀਕੇਡ ਵੀ ਵਹਿ ਗਏ।
ਪੁਲਿਸ ਅਤੇ ਐਨ.ਡੀ.ਆਰ.ਐਫ. ਦੀ ਟੀਮ ਬਚਾਅ ਕਾਰਜ ਕਰ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਲਬਾ ਹਟਾਉਣ ਲਈ ਭਾਰੀ ਮਸ਼ੀਨਾਂ ਦੀ ਲੋੜ ਪਵੇਗੀ। ਅਧਿਕਾਰੀਆਂ ਅਨੁਸਾਰ, ਲਗਾਤਾਰ ਹੋ ਰਹੀ ਬਾਰਸ਼ ਦੇ ਕਾਰਨ ਸੋਮਵਾਰ ਤੋਂ ਹੀ ਸੁਰੰਗ ਦੇ ਨਿਰਮਾਣ ਦਾ ਕੰਮ ਰੋਕ ਦਿੱਤਾ ਗਿਆ ਸੀ।
ਲੈਂਡਸਲਾਈਡ ਦਾ ਭਿਆਨਕ ਮੰਜ਼ਰ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਿਆ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਪਹਾੜ ਤੋਂ ਪਾਣੀ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਮਲਬਾ ਵੀ ਸੜਕ ‘ਤੇ ਆ ਗਿਆ। ਵੀਡੀਓ ਵਿੱਚ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਹੋਏ ਨਜ਼ਰ ਆਏ। ਲੈਂਡਸਲਾਈਡ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























