Kisan Andolan : ਡੱਲੇਵਾਲ ਨੇ ਗ੍ਰਹਿ ਮੰਤਰੀ ‘ਤੇ ਵਰ੍ਹਦਿਆਂ ਕਿਹਾ- ਸੰਵਿਧਾਨਕ ਅਹੁਦਿਆਂ ‘ਤੇ ਕਾਬਜ਼ ਵਿਅਕਤੀ ਗਲਤ ਜਾਣਕਾਰੀ ਨਾ ਦੇਣ
ਚੰਡੀਗੜ੍ਹ, 17ਦਸੰਬਰ(ਵਿਸ਼ਵ ਵਾਰਤਾ) ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਮੰਗਲਵਾਰ ਨੂੰ 22ਵੇਂ ਦਿਨ ‘ਚ ਦਾਖਲ ਹੋ ਗਿਆ। ਸਿਹਤ ਵਿਗੜਨ ਦੇ ਬਾਵਜੂਦ ਡੱਲੇਵਾਲ ਨੇ ਸੋਮਵਾਰ ਨੂੰ ਸਟੇਜ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਹਮਲਾ ਬੋਲਿਆ।
ਡੱਲੇਵਾਲ ਨੇ ਕਿਹਾ ਕਿ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਬਾਰੇ ਗਲਤ ਜਾਣਕਾਰੀ ਨਹੀਂ ਦੇਣੀ ਚਾਹੀਦੀ। ਡੱਲੇਵਾਲ ਨੇ ਕਿਹਾ ਕਿ ਸ਼ਾਹ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਸਾਢੇ ਤਿੰਨ ਗੁਣਾ ਵੱਧ ਰੇਟ ਦਿੱਤੇ ਜਾ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਮੋਦੀ ਸਰਕਾਰ ਦੇ 2014 ਤੋਂ ਲੈ ਕੇ ਹੁਣ ਤੱਕ ਕਣਕ ਦਾ ਰੇਟ ਸਿਰਫ਼ 825 ਰੁਪਏ ਵਧਿਆ ਹੈ। ਇਹ 56 ਫੀਸਦੀ ਦਾ ਵਾਧਾ ਹੈ। ਇਸ ਦੇ ਮੁਕਾਬਲੇ ਖੇਤੀ ਲਾਗਤ 56.53 ਫੀਸਦੀ ਵਧੀ ਹੈ।
ਡੱਲੇਵਾਲ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਕਿਸਾਨਾਂ ਨੂੰ ਆਪਣੀ ਜੇਬ ‘ਚੋਂ ਖਰਚ ਕਰਨਾ ਪੈਂਦਾ ਹੈ। ਜੇਕਰ ਕੇਂਦਰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਦੇ ਰਿਹਾ ਹੈ ਤਾਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਡੱਲੇਵਾਲ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਦਾ ਮੁੱਦਾ ਉਠਾਉਂਦਿਆਂ ਇਸ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਉਨ੍ਹਾਂ ਨੂੰ ਮਜਬੂਰ ਕਰਨ ਦੀ ਬਜਾਏ ਕੇਂਦਰ ਨੂੰ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ।
ਸੋਮਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਡੱਲੇਵਾਲ ਦਾ ਹਾਲ-ਚਾਲ ਪੁੱਛਣ ਲਈ ਖਨੈੜੀ ਸਰਹੱਦ ਪੁੱਜੇ। ਇਸ ਮੌਕੇ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਵੜਿੰਗ ਨੇ ਕਿਹਾ ਕਿ ਸਰਹੱਦਾਂ ‘ਤੇ ਕਿਸਾਨਾਂ ‘ਤੇ ਹੋ ਰਿਹਾ ਜ਼ੁਲਮ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਉਜਾਗਰ ਕਰਦਾ ਹੈ। ਵੜਿੰਗ ਨੇ ਭਰੋਸਾ ਦਿੱਤਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ। ਭਵਿੱਖ ਵਿੱਚ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਵਿੱਚ ਉਠਾਇਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/