Kapurthala News: ਵਿਰਾਸਤੀ ਮੇਲਾ-2025; ਪ੍ਰਸ਼ਾਸ਼ਨ ਵੱਲੋਂ ਜ਼ੋਰਦਾਰ ਤਿਆਰੀਆਂ – ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ
ਪੰਜਾਬ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਜੋੜੇਗਾ ਵਿਰਾਸਤੀ ਮੇਲਾ
ਪ੍ਰਸਿੱਧ ਪੰਜਾਬੀ ਗਾਇਕਾਂ ਵਲੋਂ ਦਿੱਤੀਆਂ ਜਾਣਗੀਆਂ ਪੇਸ਼ਕਾਰੀਆਂ
ਕਪੂਰਥਲਾ, 16 ਮਾਰਚ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ, ਕਪੂਰਥਲਾ ਵੱਲੋਂ 20 ਮਾਰਚ ਤੋਂ 23 ਮਾਰਚ, 2025 ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਜਾ ਰਹੇ ‘ਵਿਰਾਸਤੀ ਮੇਲੇ 2025’ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਵਿਰਾਸਤੀ ਮੇਲੇ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨਾ ਹੈ।
ਸ੍ਰੀ ਪੰਚਾਲ ਨੇ ਸਮੂਹ ਸ਼ਹਿਰ ਵਾਸੀਆਂ, ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਇਸ ਵਿਰਾਸਤੀ ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਸਾਡੀ ਸਾਂਝੀ ਵਿਰਾਸਤ ਨੂੰ ਸੰਭਾਲਣ ਅਤੇ ਉਸ ਦੀ ਮਹੱਤਤਾ ਨੂੰ ਸਮਝਣ ਦਾ ਸੁਨਹਿਰੀ ਮੌਕਾ ਹੈ।
ਮੇਲੇ ਵਿੱਚ 20 ਮਾਰਚ ਨੂੰ ਫੋਕ ਤੇ ਸੂਫੀ ਨਾਈਟ ਮੌਕੇ ਮੁਹੰਮਦ ਇਰਸ਼ਾਦ ਅਤੇ ਮੀਤ ਕੌਰ ਵਲੋਂ ਆਪਣੀ ਗਾਇਕੀ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਤਰ੍ਹਾਂ 21 ਮਾਰਚ ਨੂੰ ਸਟਾਰ ਨਾਇਟ ’ਤੇ ਕੰਵਰ ਗਰੇਵਾਲ ਅਤੇ 22 ਮਾਰਚ ਨੂੰ ਸਟਾਰ ਨਾਇਟ ’ਤੇ ਪ੍ਰਭ ਗਿੱਲ ਵਲੋਂ ਆਪਣੀ ਗੀਤਕਾਰੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਮੇਲੇ ਦੌਰਾਨ ਰਵਾਇਤੀ ਪੰਜਾਬੀ ਲੋਕ ਨਾਚ ਜਿਵੇਂ ਭੰਗੜਾ ਤੇ ਗਿੱਧਾ, ਹੱਥ-ਕਲਾ ਦੀਆਂ ਨੁਮਾਇਸ਼ਾਂ, ਸਥਾਨਕ ਵਿਸ਼ੇਸ਼ ਪਕਵਾਨਾਂ ਦੇ ਸਟਾਲ, ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਬੱਚਿਆਂ ਅਤੇ ਨੌਜਵਾਨਾਂ ਲਈ ਵਿਸ਼ੇਸ਼ ਗਤੀਵਿਧੀਆਂ ਵੀ ਰੱਖੀਆਂ ਗਈਆਂ ਹਨ, ਤਾਂ ਜੋ ਉਹ ਆਪਣੀ ਜੜ੍ਹਾਂ ਨਾਲ ਜੁੜ ਸਕਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੇਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਆਪਣੇ ਪਰਿਵਾਰ ਸਮੇਤ ਇਸ ਅਨੁਭਵ ਦਾ ਹਿੱਸਾ ਬਣਨ। ਉਨ੍ਹਾਂ ਨੇ ਕਿਹਾ, “ਆਓ ਸਾਰੇ ਮਿਲ ਕੇ ਆਪਣੀ ਵਿਰਾਸਤ ਦਾ ਜਸ਼ਨ ਮਨਾਈਏ ਅਤੇ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ।”