ਮਰਹੂਮ ਨਿਸ਼ਾਨੇਬਾਜ਼ ਜਸਪਾਲ ਰਾਣਾ ਦੀ ਮਾਤਾ ਦਾ ਵੀ ਦੇਹਾਂਤ
– ਪੁੱਤਰ ਦੀ ਮੌਤ ਦਾ ਸਦਮਾ ਨਹੀਂ ਸਹਿ ਸਕੀ ਸ਼ਿਆਮਾ ਦੇਵੀ!
ਹਰਿਆਣਾ, 16 ਜੂਨ 2026 (ਵਿਸ਼ਵ ਵਾਰਤਾ): ਪ੍ਰਸਿੱਧ ਨਿਸ਼ਾਨੇਬਾਜ਼ ਅਤੇ ਕੋਚ ਜਸਪਾਲ ਰਾਣਾ ਦੀ ਮੌਤ ਦੇ ਚਾਰ ਦਿਨਾਂ ਬਾਅਦ ਉਨ੍ਹਾਂ ਦੀ 78 ਸਾਲਾ ਮਾਂ ਸ਼ਿਆਮਾ ਦੇਵੀ ਰਾਣਾ ਦਾ ਵੀ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੰਗਲਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ । ਦੱਸਿਆ ਜਾ ਰਿਹਾ ਹੈ ਕਿ ਪੁੱਤਰ ਦੀ ਮੌਤ ਕਾਰਨ ਸ਼ਿਆਮਾ ਦੇਵੀ ਰਾਣਾ ਡੂੰਘੇ ਸਦਮੇ ਵਿੱਚ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ ਅਨੁਸਾਰ, ਸ਼ਿਆਮਾ ਦੇਵੀ ਦੀ ਲੰਬੇ ਸਮੇਂ ਤੋਂ ਤਬੀਅਤ ਖ਼ਰਾਬ ਚੱਲ ਰਹੀ ਸੀ। ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ। ਪੁੱਤਰ ਜਸਪਾਲ ਰਾਣਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਹੋਰ ਜ਼ਿਆਦਾ ਵਿਗੜ ਗਈ। ਜਸਪਾਲ ਰਾਣਾ ਦੇ ਪਿਤਾ ਨਾਰਾਇਣ ਸਿੰਘ ਰਾਣਾ ਸਾਬਕਾ ਖੇਡ ਮੰਤਰੀ ਅਤੇ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਹਨ। ਪਹਿਲਾਂ ਪੁੱਤਰ ਅਤੇ ਹੁਣ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਦੱਸ ਦੇਈਏ ਕਿ ਚਾਰ ਦਿਨ ਪਹਿਲਾਂ 12 ਜੂਨ ਨੂੰ ਜਸਪਾਲ ਰਾਣਾ ਦਾ ਦੇਹਾਂਤ ਹੋਇਆ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਰਾਣਾ ਦੇਸ਼ ਦੇ ਸਭ ਤੋਂ ਸਫਲ ਪਿਸਟਲ ਨਿਸ਼ਾਨੇਬਾਜ਼ਾਂ ਵਿੱਚ ਗਿਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਪਲਬਧੀਆਂ ਹਾਸਲ ਕੀਤੀਆਂ ਸਨ।























