ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ
– ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਲੁਧਿਆਣਾ , 28 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖਾਸ ਤੌਰ ‘ਤੇ ਸ਼ਿਰਕਤ ਕੀਤੀ ਗਈ।ਉਨ੍ਹਾਂ ਦੇ ਨਾਲ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ।
ਪੀ.ਏ.ਯੂ. ਗਰਾਊਂਡ ਵਿੱਚ ਜਸ਼ਨ-ਏ-ਇਨਕਲਾਬ ਪ੍ਰੋਗਰਾਮ ਦੌਰਾਨ ਕਲਾਕਾਰਾਂ ਦੀ ਪੇਸ਼ਕਾਰੀ ‘ਤੇ ਦਰਸ਼ਕ ਖੂਬ ਝੂਮੇ। 117 ਵਿਧਾਨ ਸਭਾ ਹਲਕਿਆਂ ਤੋਂ ਆਏ ਇੱਕ ਲੱਖ ਤੋਂ ਵੱਧ ਲੋਕਾਂ ਦੇ ਇਕੱਠ ਵਿੱਚ ਗੀਤ-ਸੰਗੀਤ ਅਤੇ ਹੋਰ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਦੁਪਹਿਰ ਤਿੰਨ ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਰਾਤ ਹੁੰਦਿਆਂ ਹੀ ਭੀੜ ਹੋਰ ਵਧ ਗਈ। ਦੱਸ ਦਈਏ ਕਿ ਇਸ ਸਮਾਗਮ ਸਬੰਧੀ ਆਵਾਜਾਈ ਬਾਰੇ ਸਲਾਹ-ਮਸ਼ਵਰਾ ਜਾਰੀ ਕੀਤਾ ਗਿਆ ਹੈ, ਪਰ ਲੋਕਾਂ ਨੂੰ ਸਿਰਫ਼ ਸੁਰੱਖਿਆ ਜਾਂਚ ਤੋਂ ਬਾਅਦ ਹੀ ਅੰਦਰ ਦਾਖ਼ਲ ਹੋਣ ਦਿੱਤਾ ਗਿਆ।
ਇਸ ਪ੍ਰੋਗਰਾਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਦੇ ਨਾਲ-ਨਾਲ ਬਸੰਤ ਕੌਰ ਅਤੇ ਪਰੀ ਪੰਧੇਰ ਨੇ ਵੀ ਆਪਣੀ ਖਾਸ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਨੱਚਣ-ਗਾਉਣ ਲਈ ਮਜ਼ਬੂਰ ਕੀਤਾ। ਇਸ ਦੇ ਨਾਲ ਹੀ ਦੇਸ਼ ਭਗਤੀ ਦੇ ਨਾਟਕ ਨੇ ਲੋਕਾਂ ਦੀਆਂ ਅੱਖਾਂ ਨਮ ਵੀ ਕੀਤੀਆਂ ਅਤੇ ਉਨ੍ਹਾਂ ਵਿੱਚ ਜੋਸ਼ ਵੀ ਭਰਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























