Jalandhar West By Election: ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵਲੋਂ ਜਲੰਧਰ ਪੱਛਮੀ ਹਲਕੇ ‘ਚ ਰੋਸ ਪ੍ਰਦਰਸ਼ਨ
ਜਲੰਧਰ 4 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵਲੋਂ ਜਲੰਧਰ ਦੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜਲੰਧਰ ਪੱਛਮੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੇ ਗੰਭੀਰ ਦੂਸ਼ਿਤ ਹੋਣ ਦੇ ਪ੍ਰਤੀਕਰਮ ਵਜੋਂ ਕੀਤਾ ਗਿਆ ਹੈ। ਮਾਨਸੂਨ ਦੀ ਪਹਿਲੀ ਬਾਰਸ਼ ਤੋਂ ਬਾਅਦ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੇ ਪਾਣੀ ਦੀ ਮਿਲਾਵਟ ਹੋ ਰਹੀ ਹੈ, ਜਿਸ ਨਾਲ ਮੱਛਰ ਅਤੇ ਟਾਈਫਾਈਡ ਜਾਂ ਹੋਰ ਸਿਹਤ ਸਮੱਸਿਆਵਾਂ ਦਾ ਖ਼ਦਸ਼ਾ ਹੈ, ਜੋ ਕਿ ਮਾਨਸੂਨ ਮੌਸਮ ਦੌਰਾਨ ਆਮ ਪ੍ਰਚਲਿਤ ਹੁੰਦੀਆਂ ਹਨ। ਰੋਸ ਮਾਰਚ ਕਰਨ ਤੋਂ ਪਹਿਲਾਂ, ਬਸਤੀ ਗੁਜਨ ਪਾਰਕ ਅਤੇ ਬਸਤੀ ਸ਼ੇਖ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਨਗਰ ਨਿਗਮ ਜ਼ੋਨਲ ਦਫ਼ਤਰ ਦੇ ਬਾਹਰ ਜਾ ਕੇ ਇਸ ਮੁੱਦੇ ‘ਤੇ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਸ ਮੁੱਦੇ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਅਤੇ ਬਾਹਰ ਗੰਦੇ ਪਾਣੀ ਦੇ ਘੜੇ ਨੂੰ ਪ੍ਰਤੀਕ ਰੂਪ ਵਿੱਚ ਤੋੜਿਆ ਗਿਆ। ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਸਾਫ਼ ਪਾਣੀ ਦਾ ਪਹੁੰਚ ਸਾਰਿਆਂ ਦਾ ਹੱਕ ਹੈ ਅਤੇ ਜਲੰਧਰ ਪੱਛਮੀ ਦੇ ਵਾਸੀਆਂ ਨੂੰ ਇਸ ਮੁਦੇ ‘ਤੇ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਰੋਸ ਹੈ। ਉਨ੍ਹਾਂ ਕਿਹਾ ਕਿ, ਆਉਣ ਵਾਲੀ 10 ਜੁਲਾਈ ਨੂੰ ਹੋਣ ਵਾਲੀ ਜਿਮਨੀ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਦੇ ਕੇ ਕਾਮਯਾਬ ਕਰੋ ਤਾ ਜੋ ਇਲਾਕਾ ਨਿਵਾਸੀਆਂ ਦੀਆਂ ਮੁਸ਼ਿਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾ ਸਕਣ।