Jalandhar : ਮਾਡਲ ਟਾਊਨ ਜਲੰਧਰ ਸ਼ਿਵਪੁਰੀ ਦਾ ਜਲਦ ਹੋਵੇਗਾ ਸੁੰਦਰੀਕਰਨ ; ਐੱਮ.ਪੀ.ਫੰਡ ਵਿੱਚੋਂ ਮਨਜ਼ੂਰ ਹੋਈ 50 ਲੱਖ ਰੁਪਏ ਦੀ ਰਾਸ਼ੀ
ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ) ਜਲੰਧਰ ਮਾਡਲ ਟਾਊਨ ਸੁਸਾਇਟੀ (ਰਜਿ.) ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਮੀਤ ਸਿੰਘ ਸੋਢੀ ਨੇ ਦੱਸਿਆ ਕਿ ਬਦਲਦੇ ਸਮੇਂ ਨਾਲ ਜਿੱਥੇ ਪ੍ਰਕਿਰਤਿਕ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਵਿੱਚ ਬਦਲਾਵ ਆਉਂਦਾ ਹੈ ਉੱਥੇ ਮਨੁੱਖ ਅਤੇ ਉਸ ਦੀਆਂ ਜਰੂਰਤਾਂ ਵੀ ਬਦਲਦੀਆਂ ਰਹਿੰਦੀਆਂ ਹਨ। ਮਨੁੱਖ ਨੂੰ ਹਮੇਸ਼ਾ ਹੀ ਪ੍ਰਕਿਰਤੀ , ਸਮਾਜ ਅਤੇ ਜਰੂਰਤਾਂ ਦੇ ਤਾਲਮੇਲ ਨੂੰ ਬਣਾ ਕੇ ਰੱਖਣ ਦੀ ਲੋੜ ਹੈ।
ਅਜਿਹੀ ਹੀ ਲੋੜ ਨੂੰ ਮਹਿਸੂਸ ਕਰਦਿਆਂ ਜਲੰਧਰ ਮਾਡਲ ਟਾਊਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਜਲਦ ਹੀ ਸ਼ਿਵਪੁਰੀ ਮਾਡਲ ਟਾਊਨ ਜਲੰਧਰ ਦੇ ਸੁੰਦਰੀਕਰਨ ਬਾਰੇ ਯੋਜਨਾ ਬਣਾਈ ਹੈ। ਸੁੰਦਰੀਕਰਨ ਦੇ ਇਸ ਕੰਮ ਲਈ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਵੱਲੋਂ ਆਪਣੇ ਐੱਮ.ਪੀ. ਫੰਡ ਵਿੱਚੋਂ 50 ਲੱਖ ਰੁਪਏ ਦੀ ਰਾਸ਼ੀ ਸ਼ਿਵਪੁਰੀ ਦੇ ਸੁੰਦਰੀ ਕਰਨ ਲਈ ਦੇਣੀ ਮਨਜ਼ੂਰ ਕੀਤੀ ਹੈ। ਇਸ ਸੁੰਦਰੀਕਰਨ ਵਿੱਚ ਮੁੱਖ ਤੌਰ ਤੇ ਨਵੀਂ ‘ਬਿਜਲੀ ਸਸਕਾਰ ਮਸ਼ੀਨ’ ਤੇ ਮੌਰਚਰੀ ਦਾ ਪ੍ਰਬੰਧ ਕੀਤਾ ਜਾਵੇਗਾ। ਲੋਕਾਂ ਦੀ ਆਸਥਾ ਅਤੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ ਧੂਆਂ ਰਹਿਤ ਨਵੇਂ ਕੁੰਡ ਵੀ ਬਣਾਏ ਜਾਣਗੇ। ਬਿਜਲੀ ਸਸਕਾਰ ਮਸ਼ੀਨ ਵਾਤਾਵਰਣ ਅਤੇ ਸਮਾਜਿਕ ਪੱਖੋਂ ਫ਼ਾਇਦੇਮੰਦ ਹੋਵੇਗੀ। ਕਿਉਂਕਿ ਇੱਕ ਤਾਂ ਇਸ ਨਾਲ ਸਮਾਂ ਬਚੇਗਾ ਦੂਸਰਾ ਵਾਤਾਵਰਣ ਸ਼ੁੱਧ ਰਹੇਗਾ। ਜਿੱਥੇ ਪੁਰਾਣੀ ਸਸਕਾਰ ਕਰਨ ਦੀ ਵਿਧੀ ਵਾਤਾਵਰਣ ਲਈ ਨੁਕਸਾਨਦਾਇਕ ਹੈ ਉੱਥੇ ਇਹ ਮਸ਼ੀਨ ਈਕੋ-ਫਰੈਂਡਲੀ ਹੋਵੇਗੀ। ਜੋ ਇਲਾਕੇ ਦੇ ਵਾਤਾਵਰਣ ਨੂੰ ਕਿਸੇ ਵੀ ਪੱਖੋਂ ਨੁਕਸਾਨ ਨਹੀਂ ਪਹੁੰਚਾਵੇਗੀ । ਮੌਰਚਰੀ ਦਾ ਪ੍ਰਬੰਧ ਇਲਾਕੇ ਦੇ ਦੂਰ-ਦੁਰਾਡੇ ਅਤੇ ਪ੍ਰਦੇਸਾਂ ਵਿੱਚ ਰਹਿੰਦੇ ਲੋਕਾਂ ਨੂੰ ਦੁੱਖ ਦੀਆਂ ਘੜੀਆਂ ਵਿੱਚ ਖੱਜਲ ਖੁਆਰ ਹੋਣ ਤੋਂ ਰਾਹਤ ਦੇਣ ਅਤੇ ਆਸ-ਪਾਸ ਅਜਿਹੀ ਸਹੂਲਤ ਨਾ ਹੋਣ ਕਾਰਨ ਕੀਤਾ ਜਾ ਰਿਹਾ ਹੈ।ਸ਼ਿਵਪੁਰੀ ਦੀ ਇਮਾਰਤ ਨੂੰ ਨਵਾਂ ਰੂਪ ਦਿੰਦੇ ਹੋਏ ਪਾਰਕਿੰਗ ਅਤੇ ਪਾਣੀ ਆਦਿਕ ਸਹੂਲਤਾਂ ਦਾ ਜਰੂਰੀ ਅਤੇ ਨਵਾਂ ਪ੍ਰਬੰਧ ਵੀ ਕੀਤਾ ਜਾਵੇਗਾ। ਸ਼ਿਵਪੁਰੀ ਨੂੰ ਗਰੀਨ ਜੋਨ ਬਣਾਉਣ ਲਈ ਫੁੱਲ- ਬੂਟਿਆਂ ਨਾਲ ਸਜਾਇਆ ਜਾਵੇਗਾ । ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਤੀ ਜਾਗਰੂਕ ਹੋਣ, ਸਹਿਯੋਗ ਦੇਣ ਅਤੇ ਲੋੜ ਪੈਣ ‘ਤੇ ਬਿਜਲੀ ਸਸਕਾਰ ਮਸ਼ੀਨ ਦਾ ਇਸਤੇਮਾਲ ਕਰਨ ਲਈ ਅਪੀਲ ਕੀਤੀ ਜਾਂਦੀ ਹੈ। ਕਿਉਂਕਿ ਦਰੱਖਤਾਂ ਦੀ ਵੱਧ ਰਹੀ ਕਟਾਈ ਅਤੇ ਲੱਕੜਾਂ ਦੀ ਵੱਧ ਰਹੀ ਖਪਤ ਕਾਰਨ ਵਾਤਾਵਰਨ ਅਸੰਤੁਲਿਤ ਹੋ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮਨੁੱਖ ਨੂੰ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਕੁਦਰਤ ਅਤੇ ਸਮਾਜ ਪ੍ਰਤੀ ਆਪਣੇ ਬਣਦੇ ਫਰਜ਼ ਨਿਭਾਉਣੇ ਚਾਹੀਦੇ ਹਨ।ਇਸ ਮੌਕੇ ਜਲੰਧਰ ਮਾਡਲ ਟਾਊਨ ਸੁਸਾਇਟੀ (ਰਜਿ.) ਦੀ ਪ੍ਰਬੰਧਕ ਕਮੇਟੀ ਦੇ ਸ. ਦਵਿੰਦਰ ਪਾਲ ਸਿੰਘ ਸੋਢੀ (ਮੁੱਖ ਸਰਪ੍ਰਸਤ), ਸ੍ਰੀ ਵਰਿੰਦਰ ਮਲਿਕ (ਚੇਅਰਮੈਨ), ਸ.ਮਨਮੀਤ ਸਿੰਘ ਸੋਢੀ (ਪ੍ਰਧਾਨ), ਸ੍ਰੀ ਮੋਹਨਜੀਤ ਸੈਣੀ (ਉਪ ਪ੍ਰਧਾਨ), ਸ.ਜਸਵਿੰਦਰ ਸਿੰਘ ਸਾਹਨੀ (ਜਰਨਲ ਸਕੱਤਰ), ਸ.ਸੁਖਵਿੰਦਰ ਸਿੰਘ ਨੰਦਰਾ (ਸਕੱਤਰ), ਸ੍ਰੀ ਰਾਜੀਵ ਡੁੱਗਰ (ਪ੍ਰੈਸ ਸਕੱਤਰ), ਸ. ਆਤਮ ਪ੍ਰਕਾਸ਼ ਸਿੰਘ,ਸ. ਜਸਬੀਰ ਸਿੰਘ ਜੇ. ਆਰ., ਸ੍ਰੀ ਰਵਿੰਦਰ ਖੁਰਾਣਾ, ਐੱਸ.ਐੱਸ. ਚੌਹਾਨ, ਡਾ: ਐੱਚ. ਐੱਮ. ਹੁਰੀਆ,ਸ੍ਰੀ ਹਿੰਦ ਪਾਲ ਸੇਠੀ,ਸ. ਅਮਰੀਕ ਸਿੰਘ, ਸ੍ਰੀ ਸਾਰਿਸ਼ਟੀ ਰਾਜ ਧੀਮਾਨ(ਕੈਸ਼ੀਅਰ) ਹਾਜ਼ਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/