Jalandhar : ਫੈਕਟਰੀ ‘ਚ ਗੈਸ ਲੀਕ ਹੋਣ ਕਾਰਨ ਇਕ ਦੀ ਮੌਤ
ਚੰਡੀਗੜ੍ਹ, 22ਸਤੰਬਰ(ਵਿਸ਼ਵ ਵਾਰਤਾ) ਜਲੰਧਰ ‘ਚ ਬੀਤੇ ਦਿਨ ਸ਼ਨੀਵਾਰ (21 ਸਤੰਬਰ) ਨੂੰ ਆਈਸ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋ ਗਈ। ਜਿਸ ਕਾਰਨ ਫੈਕਟਰੀ ਅੰਦਰ ਕੰਮ ਕਰ ਰਹੇ ਇੱਕ ਮਜ਼ਦੂਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੀਤਲ (68) ਵਾਸੀ ਕਿਸ਼ਨਪੁਰਾ (ਜਲੰਧਰ) ਵਜੋਂ ਹੋਈ ਹੈ। ਉਹ ਇੱਥੇ 3 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਗੈਸ ਲੀਕ ਹੋਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਗੈਸ ਲੀਕੇਜ ਨੂੰ ਰੋਕਿਆ। ਇਹ ਘਟਨਾ ਸ਼ਨੀਵਾਰ ਦੁਪਹਿਰ 2 ਵਜੇ ਦੇ ਕਰੀਬ ਜਲੰਧਰ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਸਿਨੇਮਾ ਕੋਲ ਦੀ ਹੈ। ਇਹ ਫੈਕਟਰੀ ਬਾਜ਼ਾਰ ਦੇ ਵਿਚਕਾਰ ਹੈ, ਜਿਸ ਵਿੱਚ ਗੈਸ ਪਾਈਪ ਫਟ ਗਈ ਸੀ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਮਾਮਲੇ ਦੀ ਜਾਂਚ ਐਸਡੀਐਮ-1 ਨੂੰ ਸੌਂਪ ਦਿੱਤੀ ਹੈ। ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।