Jalandhar : ਅਮਰੀਕਾ ਦਾ ਵੀਜ਼ਾ ਨਾ ਲੱਗਣ ਤੋਂ ਨਰਾਜ਼ ਨੌਜਵਾਨਾਂ ਨੇ ਕੀਤੀ ਭੰਨਤੋੜ
ਜਲੰਧਰ, 21 ਸਤੰਬਰ (ਵਿਸ਼ਵ ਵਾਰਤਾ)Jalandhar: ਬੀਤੀ ਰਾਤ ਜਲੰਧਰ ਦੇ ਗੜਾ ਰੋਡ ਤੇ ਸਥਿਤ ਆਰਿਅਨ ਅਕੈਡਮੀ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਨ ਅਤੇ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਦੇ ਵਿੱਚ ਨੌਜਵਾਨ ਇਸ ਏਜੰਸੀ ਦੇ ਮੁਲਾਜ਼ਮਾਂ ‘ਤੇ ਕੁਰਸੀਆਂ ਦੇ ਨਾਲ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਨੌਜਵਾਨਾਂ ਵੱਲੋਂ ਮੁਲਾਜ਼ਮਾਂ ਦੇ ਥੱਪੜ ਵੀ ਮਾਰੇ ਜਾ ਰਹੇ ਹਨ। ਇਸ ਮਾਮਲੇ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪੁਲਿਸ ਪਹੁੰਚੀ। ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸੇ ਅਕੈਡਮੀ ਦੇ ਮਾਲਕ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ, ਨੌਜਵਾਨ ਅਮਰੀਕਾ ਦਾ ਵੀਜ਼ਾ ਨਾ ਲੱਗਣ ਤੋਂ ਨਾਰਾਜ਼ ਸਨ। ਕਿਉਂਕਿ ਨੌਜਵਾਨ ਇੰਟਰਵਿਊ ਕਲੀਅਰ ਨਹੀਂ ਕਰ ਸਕਿਆ ਇਸ ਕਰਕੇ ਉਸ ਦਾ ਵੀਜ਼ਾ ਨਹੀਂ ਲੱਗਿਆ। ਇਸ ‘ਤੇ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਅਕੈਡਮੀ ਵਿੱਚ ਭੰਨ ਤੋੜ ਕੀਤੀ ਹੈ, ਅਤੇ ਸਟਾਫ ਦੀ ਮਾਰ ਕੁੱਟ ਵੀ ਕੀਤੀ ਹੈ। ਅਨਿਲ ਸ਼ਰਮਾ ਨੇ ਦੱਸਿਆ ਹੈ ਕਿ ਤਕਰੀਬਨ ਸੱਤ ਮਹੀਨੇ ਪਹਿਲਾਂ ਇਹ ਨੌਜਵਾਨ ਅਮਰੀਕਾ ਦਾ ਵੀਜ਼ਾ ਲੈਣ ਲਈ ਉਹਨਾਂ ਦੇ ਸੰਪਰਕ ਵਿੱਚ ਆਇਆ ਸੀ। ਉਹਨਾਂ ਇਸ ਨੌਜਵਾਨ ਤੋਂ ਵੀਜ਼ਾ ਫੀਸ ਤੋਂ ਇਲਾਵਾ ਹੋਰ ਕੋਈ ਪੈਸਾ ਨਹੀਂ ਲਿਆ। ਅਮਰੀਕਾ ਵੀਜ਼ਾ ਦੀ ਰਿਫਿਊਜਲ ਆਉਣ ਤੋਂ ਬਾਅਦ ਨੌਜਵਾਨ ਗੁੱਸੇ ਵਿੱਚ ਆ ਗਿਆ ਅਤੇ ਉਹਨਾਂ ਦੇ ਦਫਤਰ ਪਹੁੰਚ ਕੇ ਨੌਜਵਾਨ ਨੇ ਭੰਨ ਤੋੜ ਕੀਤੀ ਹੈ।